ਈਪੀਐੱਫ ਘਪਲੇ ਵਿਰੁੱਧ ਵਿਧਾਇਕ ਨਰੇਸ਼ ਕਟਾਰੀਆ ਨੂੰ ਯੂਨੀਅਨਾਂ ਵੱਲੋਂ ਮੰਗ ਪੱਤਰ ਸੌਂਪਿਆ
ਈਪੀਐੱਫ ਘਪਲੇ ਵਿਰੁੱਧ ਵਿਧਾਇਕ ਨਰੇਸ਼ ਕਟਾਰੀਆ ਨੂੰ ਯੂਨੀਅਨਾਂ ਵੱਲੋਂ ਮੰਗ ਪੱਤਰ ਸੌਂਪਿਆ
Publish Date: Tue, 02 Dec 2025 06:21 PM (IST)
Updated Date: Tue, 02 Dec 2025 06:23 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਲੇਬਰ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਨੂੰ ਲੈ ਕੇ ਫੂਡ ਗਰੇਨ ਐਂਡ ਅਲਾਇਡ ਵਰਕਰ ਯੂਨੀਅਨ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਈਪੀਐੱਫ ਮਾਮਲੇ ਵਿੱਚ ਵੱਡੇ ਪੱਧਰ ’ਤੇ ਹੋਏ ਕਥਿਤ ਘਪਲੇ ਅਤੇ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਦਾ ਹੱਕ ਮਾਰਨ ਦੇ ਦੋਸ਼ਾਂ ਨੂੰ ਲੈ ਕੇ ਦੋਨੋ ਯੂਨੀਅਨਾਂ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਦੱਸਿਆ ਕਿ 2019 ਤੋਂ 2025 ਤੱਕ ਟੈਂਡਰ ਲੈਣ ਵਾਲੇ ਕਈ ਠੇਕੇਦਾਰਾਂ ਨੇ ਮਜ਼ਦੂਰਾਂ ਦਾ ਬਣਦਾ ਈਪੀਐੱਫ ਉਨ੍ਹਾਂ ਦੇ ਮੂਲ ਖਾਤਿਆਂ ਵਿਚ ਜਮ੍ਹਾ ਕਰਨ ਦੀ ਬਜਾਏ ਆਪਣੇ ਨਿੱਜੀ ਲੋਕਾਂ ਦੇ ਖਾਤੇ ਖੁਲਵਾ ਕੇ ਉਨ੍ਹਾਂ ਵਿੱਚ ਪੈਸੇ ਪਾ ਕੇ ਆਪ ਕਢਵਾ ਲਏ, ਜਿਸ ਨਾਲ ਲੇਬਰ ਮਜ਼ਦੂਰਾਂ ਨੂੰ ਗੰਭੀਰ ਵਿੱਤੀ ਨੁਕਸਾਨ ਹੋਇਆ ਹੈ। ਆਪਣੇ ਹੱਕ ਲਈ ਜੱਦੋ-ਜਹਿਦ ਕਰਦਿਆਂ ਮਜ਼ਦੂਰਾਂ ਨੇ ਸੰਘਰਸ਼ ਦਾ ਰਾਹ ਫੜਿਆ ਅਤੇ ਇਲਾਕੇ ਵਿਚ ਢੋਆ–ਢੋਆਈ ਦਾ ਕੰਮ ਵੀ ਰੋਕ ਦਿੱਤਾ ਹੈ। ਯੂਨੀਅਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਟੈਂਡਰ ਜਾਰੀ ਕਰਨ ਵਾਲੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਵੀ ਬਾਰੀਕੀ ਨਾਲ ਜਾਂਚ ਹੋਏ, ਤਾਂ ਜੋ ਸੱਚਾਈ ਸਾਹਮਣੇ ਆਏ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਇਸ ਮੌਕੇ ਸੁਖਦੇਵ ਸਿੰਘ, ਹਰਦੇਵ ਸਿੰਘ, ਬਾਬੂ ਰਾਮ, ਬਲਕਾਰ ਸਿੰਘ, ਚੰਦ ਸਿੰਘ, ਗੁਰਮੇਜ ਸਿੰਘ, ਬਖ਼ਸ਼ੀਸ਼ ਸਿੰਘ, ਬਿੰਦਰ ਸਿੰਘ, ਸਾਈਮਨ ਮਸੀਹ, ਸੱਬਾ ਜੀਰਾ, ਰਣਜੀਤ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਸ਼ਿੰਦਰ ਸਿੰਘ ਸਮੇਤ ਕਈ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਲੇਬਰ ਮਜ਼ਦੂਰ ਹਾਜ਼ਰ ਸਨ, ਜਿਨ੍ਹਾਂ ਨੇ ਏਕ ਜੁੱਟ ਹੋ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕੀਤੀ। ਵਿਧਾਇਕ ਨਰੇਸ਼ ਕਟਾਰੀਆ ਨੇ ਯਕੀਨ ਦਿਵਾਇਆ ਕਿ ਮਾਮਲੇ ਦੀ ਪੂਰੀ ਜਾਂਚ ਕਰਵਾ ਕੇ ਲੇਬਰ ਮਜ਼ਦੂਰਾਂ ਨੂੰ ਨਿਆਂ ਦਿਵਾਇਆ ਜਾਵੇਗਾ, ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।