ਸਿਵਲ ਡਿਫੈਂਸ ਸੰਗਠਨ ਦਾ 63ਵਾਂ ਸਾਲਾਨਾ ਜਾਗਰੂਕਤਾ ਦਿਵਸ ਮਨਾਇਆ
ਸਿਵਲ ਡਿਫੈਂਸ ਸੰਗਠਨ ਦਾ 63ਵਾਂ ਸਾਲਾਨਾ ਜਾਗਰੂਕਤਾ ਦਿਵਸ ਜਲੰਧਰ ਸਿਟੀ ਸਟੇਸ਼ਨ ’ਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 07 Dec 2025 05:19 PM (IST)
Updated Date: Sun, 07 Dec 2025 05:21 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਡਿਫੈਂਸ ਸੰਗਠਨ ਦਾ 63ਵਾਂ ਸਾਲਾਨਾ ਜਾਗਰੂਕਤਾ ਦਿਵਸ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜੀਨੀਅਰ/ਡੀਜ਼ਲ ਸ਼ੈੱਡ ਜਲੰਧਰ ਰਾਹੁਲ ਚੌਧਰੀ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਤੋਂ ਪ੍ਰਾਪਤ ਸੰਦੇਸ਼ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਸਿਵਲ ਡਿਫੈਂਸ ਦੇ ਇਤਿਹਾਸ, ਇਸ ਦੀ ਭੂਮਿਕਾ, ਆਫ਼ਤ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਵਿਚ ਇਸ ਦੀ ਹਿੱਸੇਦਾਰੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਸਮਾਗਮ ਦੌਰਾਨ ਸਿਵਲ ਡਿਫੈਂਸ ਵਲੰਟੀਅਰਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਮੌਕ ਡਰਿੱਲ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦਾ ਅਭਿਆਸ, ਅੱਗ ਸੁਰੱਖਿਆ ਪ੍ਰਦਰਸ਼ਨ ਅੱਗ ਲੱਗਣ ਦੀ ਸੂਰਤ ਵਿਚ ਬਚਾਅ ਦੇ ਤਰੀਕੇ, ਮੁੱਢਲੀ ਸਹਾਇਤਾ ਟ੍ਰੇਨਿੰਗ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਦੇਣ ਦੀ ਸਿਖਲਾਈ, ਰਾਹਤ ਅਤੇ ਬਚਾਅ ਕਾਰਜ ਮੁਸੀਬਤ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਪ੍ਰਦਰਸ਼ਨ ਹਨ। ਇਸ ਮੌਕੇ ਆਮ ਜਨਤਾ ਨੂੰ ਆਫ਼ਤ ਦੌਰਾਨ ਸੁਰੱਖਿਅਤ ਰਹਿਣ ਦੇ ਉਪਾਅ, ਤੁਰੰਤ ਐਮਰਜੈਂਸੀ ਪ੍ਰਤੀਕਿਰਿਆ ਪ੍ਰਕਿਰਿਆ ਅਤੇ ਭਾਈਚਾਰਕ ਸਹਿਭਾਗਤਾ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ। ਮੁੱਖ ਮਹਿਮਾਨ ਰਾਹੁਲ ਚੌਧਰੀ ਨੇ ਸ਼ਾਨਦਾਰ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਵਲ ਡਿਫੈਂਸ ਦੇਸ਼ ਦੀ ਸੁਰੱਖਿਆ ਪ੍ਰਣਾਲੀ ਦਾ ਇਕ ਅਹਿਮ ਥੰਮ੍ਹ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਸੰਗਠਨ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸਟੇਸ਼ਨ ’ਤੇ ਆਉਣ-ਜਾਣ ਵਾਲੇ ਮੁਸਾਫ਼ਰਾਂ ਨੇ ਵੀ ਇਨ੍ਹਾਂ ਗਤੀਵਿਧੀਆਂ ਵਿਚ ਦਿਲਚਸਪੀ ਦਿਖਾਈ ਅਤੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੇ। ਇਸ ਮੌਕੇ ਸਹਾਇਕ ਮੰਡਲ ਸੁਰੱਖਿਆ ਅਧਿਕਾਰੀ ਬਲੀ ਰਾਮ, ਸੇਫਟੀ ਟੀਮ ਫਿਰੋਜ਼ਪੁਰ, ਆਰਪੀਐੱਫ ਅਤੇ ਜੀਆਰਪੀ ਜਲੰਧਰ ਦੇ ਜਵਾਨ, ਸਿਵਲ ਡਿਫੈਂਸ ਟੀਮ ਫਿਰੋਜ਼ਪੁਰ, ਸਾਬਕਾ ਸੈਨਿਕ ਅਤੇ ਹੋਰ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।