22 ਹੀਰਿਆਂ ਨੂੰ ਲੈ ਕੇ ਚਰਚਾ ’ਚ ਐੱਸਡੀਐੱਮ ਫਿਰੋਜ਼ਪੁਰ
22 ਹੀਰਿਆਂ ਨੂੰ ਲੈ ਕੇ ਚਰਚਾ ’ਚ ਐਸਡੀਐਮ ਫਿਰੋਜ਼ਪੁਰ !
Publish Date: Sun, 24 May 2026 07:49 PM (IST)
Updated Date: Sun, 24 May 2026 07:52 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਪਹਿਲਾਂ ਨਾਮਜ਼ਦਗੀ ਕਵਰੇਜ਼ ਕਰ ਰਹੇ ਪੱਤਰਕਾਰਾਂ ਨੂੰ ਰੋਕਣ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਰਹੇ ਐਸਡੀਐਮ ਹੁਣ 22 ਆਜ਼ਾਦ ਉਮੀਦਵਾਰਾਂ ਨੂੰ ਇੱਕੋ ਚੋਣ ਨਿਸ਼ਾਨ ‘ਹੀਰਾ’ ਅਲਾਟ ਕਰਨ ਨੂੰ ਲੈ ਕੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ।ਆਮ ਤੌਰ ’ਤੇ ਇੱਕੋ ਚੋਣ ਨਿਸ਼ਾਨ ਸਿਰਫ਼ ਰਜਿਸਟਰਡ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੀ ਮਿਲਦਾ ਹੈ। ਜਿਵੇਂ ਆਮ ਆਦਮੀ ਪਾਰਟੀ ਨੂੰ ਝਾੜੂ, ਭਾਜਪਾ ਨੂੰ ਕਮਲ, ਕਾਂਗਰਸ ਨੂੰ ਪੰਜਾ, ਅਕਾਲੀ ਦਲ ਨੂੰ ਤੱਕੜੀ ਅਤੇ ਬਸਪਾ ਨੂੰ ਹਾਥੀ ਚੋਣ ਨਿਸ਼ਾਨ ਦਿੱਤਾ ਜਾਂਦਾ ਹੈ। ਪਰ ਇਸ ਵਾਰ ‘ਸਮਾਜ ਸੇਵੀ’ ਚੰਦਨ ਉਰਫ਼ ਚੰਦੂ ਦੇ ਧੜੇ ਨਾਲ ਜੁੜੇ 22 ਆਜ਼ਾਦ ਉਮੀਦਵਾਰਾਂ ਨੂੰ ਇੱਕੋ ‘ਹੀਰਾ’ ਨਿਸ਼ਾਨ ਮਿਲਣ ਨਾਲ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ। ਇਸ ਸਬੰਧੀ ਇੱਕ ਰਜਿਸਟਰਡ ਕੌਮੀ ਪਾਰਟੀ ਦੇ ਨੁਮਾਇੰਦੇ ਨੇ ਚੋਣ ਅਮਲੇ ਦੀ ਕਾਰਵਾਈ ’ਤੇ ਇਤਰਾਜ਼ ਜਤਾਉਂਦਿਆਂ ਆਖਿਆ ਕਿ ਆਮ ਤੌਰ ’ਤੇ ਆਜ਼ਾਦ ਉਮੀਦਵਾਰਾਂ ਤੋਂ ਤਿੰਨ ਚੋਣ ਨਿਸ਼ਾਨਾਂ ਦੀ ‘ਚੁਆਇਸ’ ਪੁੱਛੀ ਜਾਂਦੀ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਨਿਸ਼ਾਨ ਆਰਓ ਵੱਲੋਂ ਅਲਾਟ ਕੀਤਾ ਜਾਂਦਾ ਹੈ। ਅਜਿਹੇ ਵਿੱਚ ਇੱਕੋ ਧੜੇ ਦੇ 22 ਉਮੀਦਵਾਰਾਂ ਨੂੰ ‘ਹੀਰਾ’ ਨਿਸ਼ਾਨ ਮਿਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚੰਦੂ ਧੜੇ ਦੇ ਕੁਝ ਉਮੀਦਵਾਰ ਚੋਣ ਮੈਦਾਨ ਵਿੱਚ ਮਜ਼ਬੂਤ ਸਥਿਤੀ ਵਿੱਚ ਹਨ, ਜਦਕਿ ਕੁਝ ਹੋਰ ਉਮੀਦਵਾਰ ਵਿਰੋਧੀ ਧਿਰਾਂ ਦਾ ਗਣਿਤ ਵਿਗਾੜਣ ਦੀ ਪੋਜ਼ੀਸ਼ਨ ’ਚ ਹਨ। ਇਸ ਕਾਰਨ ‘ਹੀਰਾ’ ਨਿਸ਼ਾਨ ਹੁਣ ਸਿਰਫ਼ ਚੋਣ ਨਿਸ਼ਾਨ ਨਹੀਂ, ਸਗੋਂ ਫਿਰੋਜ਼ਪੁਰ ਦੀ ਸਿਆਸਤ ਦਾ ਸਭ ਤੋਂ ਗਰਮ ਟਾਪਿਕ ਬਣ ਗਿਆ ਹੈ। ਚੋਣਾਂ ਸਬੰਧੀ ਪੱਖ ਦੇਣ ਲਈ ਐੱਸਡੀਐੱਮ ਕੋਲ ਨਹੀਂ ਸਮਾਂ ਇਸ ਸਬੰਧੀ ਪੱਖ ਜਾਨਣ ਲਈ ਜਦੋਂ ਐੱਸਡੀਐੱਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਕਿਸੇ ‘ਮਸਰੂਫੀਅਤ’ ਕਾਰਨ ਉਹ ਮਿਲ ਨਹੀਂ ਸਕੇ। ਬਾਅਦ ’ਚ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਾਕਾਮ ਰਹੀ ਕਿਉਂਕਿ ਉਨ੍ਹਾਂ ਵੱਲੋਂ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ।। ਇਥੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਚੋਣਾਂ ਕਾਰਨ ਤਲਖ ਹੋ ਰਹੇ ਮਾਹੌਲ ਦੇ ਬਾਵਜੂਦ ਮੀਡੀਆ ਨੂੰ ਚੋਣ ਸਬੰਧਤ ਜਾਣਕਾਰੀ ਦੇਣ ਦੀ ਬਜਾਏ ਐੱਸਡੀਐੱਮ ਸਾਬ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ’ਚ ਮਸਰੂਫ ਨਜ਼ਰ ਆਏ। ਅਜਿਹੇ ਹਾਲਾਤ ਵਿੱਚ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਸਪੱਸ਼ਟੀਕਰਨ ਨਾ ਦੇਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਕਦੇ ‘ਹੀਰਾ’ ਕਦੇ ਨਾਜਾਇਜ਼ ਹਥਿਆਰ, ਬੌਖਲਾ ਗਏ ਹਨ ਵਿਰੋਧੀ : ਚੰਦੂ ਇਸ ਸਬੰਧੀ ਪੁੱਛੇ ਜਾਣ ’ਤੇ ਫਿਰੋਜ਼ਪੁਰ ਦੀ ਸਿਆਸਤ ’ਚ ਨਵੇਂ ਆਏ ਸਿਆਸਤਦਾਨ ਚੰਦਨ ਉਰਫ ਚੰਦੂ ਨੇ ਆਖਿਆ ਕਿ ਚੋਣ ਨਿਸ਼ਾਨ ਅਲਾਟ ਕਰਨ ਸਬੰਧੀ ਪੂਰੀ ਕਨੂੰਨੀ ਪ੍ਰਕਿਰਿਆ ਜਰੀਏ ਹੀ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਹੀਰਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਚੰਦੂ ਦੇ ਹੀਰਿਆਂ ਦੀ ਚੜਤ ਵੇਖ ਕੇ ਸਾਰੀਆਂ ਹੀ ਸਿਆਸੀ ਧਿਰਾਂ ’ਚ ਘਬਰਾਹਟ ਵੇਖੀ ਜਾ ਰਹੀ ਹੈ।ਇਹੋ ਕਾਰਣ ਹੈ ਕਿ ਕਦੇ ਨਾਜਾਇਜ਼ ਹਥਿਆਰ ਆਖ ਕੇ ਪੁਲਿਸ ਪਵਾ ਰਹੇ ਹਨ ਤਾਂ ਕਦੇ ਇੰਨ੍ਹਾਂ ਨੂੰ ‘ਹੀਰਾ ’ ਪਰੇਸ਼ਾਨ ਕਰ ਰਿਹਾ ਹੈ।