ਸਿਆਸਤਦਾਨ ਚੰਦਨ ਚੰਦੂ ਦੇ ਤਿੰਨ ਸਮਰਥਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਥਾਣੇ ਬਾਹਰ ਹੰਗਾਮਾ
ਸਿਆਸਤਦਾਨ ਚੰਦਨ ਚੰਦੂ ਦੇ ਤਿੰਨ ਸਮਰਥਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਥਾਣੇ ਬਾਹਰ ਹੰਗਾਮਾ
Publish Date: Sun, 24 May 2026 06:49 PM (IST)
Updated Date: Sun, 24 May 2026 06:52 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀਆਂ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਕੁੰਢੀਆਂ ਦੇ ਸਿੰਙ ਫੱਸਦੇ ਜਾ ਰਹੇ ਹਨ। ਲਗਾਤਾਰ ਵਧ ਰਹੀ ਤਲਖੀ ਦੌਰਾਨ ਐਤਵਾਰ ਨੂੰ ਸਿਆਸੀ ਮਾਹੌਲ ਉਸ ਵੇਲੇ ਗਰਮਾ ਗਿਆ, ਜਦੋਂ ਪੁਲਿਸ ਨੇ ਸਿਆਸਤਦਾਨ ਬਣੇ ਸਾਬਕਾ ਗੈਂਗਸਟਰ ਚੰਦਨ ਚੰਦੂ ਦੇ ਤਿੰਨ ਸਮਰਥਕਾਂ ਨੂੰ ਕਥਿੱਤ ਤੌਰ ’ਤੇ ਨਾਜਾਇਜ਼ ਹਥਿਆਰ ਰੱਖਣ ਦੇ ਸ਼ੱਕ ਹੇਠ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਬਾਹਰੀ ਹੋਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਸ਼ੱਕ ਹੇਠ ਕਾਬੂ ਕੀਤੇ ਜਾਣ ਤੋਂ ਗੁੱਸੇ ਵਿੱਚ ਆਏ ਚੰਦੂ ਦੇ ਸਮਰਥਕਾਂ ਨੇ ਥਾਣਾ ਸਿਟੀ ਫਿਰੋਜ਼ਪੁਰ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਪ੍ਰਧਾਨ ਅਤੇ ਵਾਰਡ ਨੰਬਰ 27 ਤੋਂ ਅਜਾਦ ਉਮੀਦਵਾਰ ਅਸ਼ਵਨੀ ਗਰੋਵਰ ਨੇ ਆਖਿਆ ਕਿ ਆਪਣੀ ਹਾਰ ਸਾਹਮਣੇ ਨਜ਼ਰ ਆਉਂਦੀ ਵੇਖ ਕੇ ਕੁੱਝ ਸਿਆਸੀ ਪਾਰਟੀਆਂ ਦੇ ਆਗੂ ਬੇਵਜ਼੍ਹਾ ਅਨਾਪ ਸ਼ਨਾਪ ਬਿਆਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹੋ ਕਾਰਣ ਹੈ ਕਿ ਅਜਾਦ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਲਈ ਉਨ੍ਹਾਂ ਦੇ ਆਗੂ ਚੰਦਨ ਉਰਫ ਚੰਦੂ ਨੂੰ ਉਲਝਾਉਣ ਦੀ ਕੋ਼ਸ਼ਿਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਚੰਦਨ ਚੰਦੂ ਵੱਲੋਂ ਨਗਰ ਕੌਂਸਲ ਦੇ 33 ਵਿੱਚੋਂ 22 ਵਾਰਡਾਂ ਵਿੱਚ ਆਪਣੇ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ, ਜਿਸ ਕਾਰਨ ਚੋਣ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ। ਇਸੇ ਦੌਰਾਨ ਪੁਲਿਸ ਨੇ ‘ਗੁਪਤ ਸੂਚਨਾ’ ਦੇ ਆਧਾਰ ’ਤੇ ਚੰਦੂ ਦੇ ਤਿੰਨ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ। ਕਾਰਵਾਈ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋ ਗਏ ਅਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸ਼ਹੀਦ ਊਧਮ ਸਿੰਘ ਚੌਕ ਵਿਖੇ ਸੜਕ ਜਾਮ ਕਰ ਦਿੱਤੀ।ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਦੇ ਸਾਥੀਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਾਅਦ ਵਿੱਚ ਸਮਰਥਕ ਥਾਣਾ ਸਿਟੀ ਫਿਰੋਜ਼ਪੁਰ ਦੇ ਬਾਹਰ ਧਰਨੇ ’ਤੇ ਬੈਠ ਗਏ ਅਤੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਘਬਰਾ ਕੇ ਇਕੱਠੇ ਸਾਜ਼ਿਸ਼ ਕਰ ਰਹੇ ਹਨ ਰਵਾਇਤੀ ਸਿਆਸਤਦਾਨ : ਚੰਦੂ ਉਧਰ ਚੰਦਨ ਚੰਦੂ ਨੇ ਦੋਸ਼ ਲਗਾਇਆ ਕਿ ਚੋਣਾਂ ਵਿੱਚ ਉਨ੍ਹਾਂ ਦੇ ਵਧਦੇ ਪ੍ਰਭਾਵ ਕਾਰਨ ਵਿਰੋਧੀ ਧਿਰਾਂ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾ ਕੋਈ ਬਾਹਰੀ ਵਿਅਕਤੀ ਉਨ੍ਹਾਂ ਨਾਲ ਹੈ ਅਤੇ ਨਾ ਹੀ ਕਿਸੇ ਕੋਲ ਨਜਾਇਜ਼ ਹਥਿਆਰ ਮਿਲੇ ਹਨ।ਉਨ੍ਹਾਂ ਆਖਿਆ ਕਿ ਖੁੱਦ ਚੋਣਾਂ ਲੁੱਟਣ ਵਾਲੇ ਸਾਡੇ ’ਤੇ ਗੈਂਗਸਟਰ ਹੋਣ ਦੇ ਦੋਸ਼ ਲਗਾ ਰਹੇ ਹਨ।