ਪਰਾਲੀ ਨੂੰ ਜ਼ਮੀਨ ’ਚ ਵਹੁਣ ਤੇ ਢੰਗ-ਤਰੀਕਿਆਂ ’ਤੇ ਚਰਚਾ
ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ
Publish Date: Wed, 12 Nov 2025 04:23 PM (IST)
Updated Date: Wed, 12 Nov 2025 04:25 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ‘ਪਰਾਲੀ ਪ੍ਰਬੰਧਨ ਜਾਗਰੁਕਤਾ ਕੈਂਪ’ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ, ਇਸ ਦੇ ਸੁਚੱਜੇ ਪ੍ਰਬੰਧਨ ਲਈ ਉਪਲਬੱਧ ਤਕਨੀਕਾਂ ਦੇ ਨਾਲ-ਨਾਲ ਖਾਦ ਪ੍ਰਬੰਧਨ, ਨਦੀਨ ਪ੍ਰਬੰਧਨ, ਕੀੜੇ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਹੱਲ ਬਾਰੇ ਜਾਗਰੂਕ ਕਰਨਾ ਸੀ। ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਟਰੇਨਿੰਗ), ਕੇ.ਵੀ.ਕੇ ਫ਼ਿਰੋਜ਼ਪੁਰ ਨੇ ਕਿਸਾਨਾਂ ਨੂੰ ਜੀ ਆਇਆਂ ਆਖਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਉਨ੍ਹਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਈਆਂ ਜਾਂਦੀਆਂ ਕਿੱਤਾ ਮੁਖੀ ਸਿਖਲਾਈਆਂ ਵਿਚ ਭਾਗ ਲੈ ਕੇ ਰੋਜ਼ਗਾਰ ਦੇ ਅਵਸਰ ਪੈਦਾ ਕਰਕੇ ਆਮਦਨ ਵਿਚ ਵਾਧੇ ਲਈ ਪ੍ਰੇਰਿਆ। ਕੈਂਪ ਦੇ ਵਿਸ਼ੇ ਦੇ ਸਬੰਧ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿਕਿਸਾਨ ਪਰਾਲੀ ਪ੍ਰਬੰਧਨ ਦੇ ਹੱਲ ਲਈ ਕਾਫ਼ੀ ਯਤਨ ਕਰ ਰਹੇ ਹਨ ਅਤੇ ਅਜਿਹੇ ਪ੍ਰੋਗਰਾਮ ਪਰਾਲੀ ਦੀ ਸਾਂਭ ਸੰਭਾਲ ਨਾਲ ਨਵੇਂ ਜੁੜੇ ਕਿਸਾਨਾਂ ਵਿਚ ਹੋਰ ਊਰਜਾ ਭਰਦੇ ਹਨ। ਕੈਂਪ ਵਿਚ ਉਚੇਚੇ ਤੌਰ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਤੋਂ ਪਹੁੰਚੇ ਡਾ. ਵਿਵੇਕ ਕੁਮਾਰ (ਸਹਾਇਕ ਪ੍ਰੋਫੈਸਰ) ਨੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਮਲਚਰ ਅਤੇ ਹੋਰ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿਚ ਮਿਲਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਵਾਤਾਵਰਣ ਬਚਦਾ ਹੈ, ਉੱਥੇ ਹੀ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵੀ ਵਧਦੀ ਹੈ। ਡਾ. ਵਿਵੇਕ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਧੂੰਏਂ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਗੰਭੀਰ ਚਰਚਾ ਕੀਤੀ ਅਤੇ ਕਿਸਾਨਾਂ ਨੂੰ ਇਸ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪਰਾਲੀ ਪ੍ਰਬੰਧਨ ਦੇ ਨਾਲ ਖਾਦ ਅਤੇ ਨਦੀਨ ਪ੍ਰਬੰਧਨ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ। ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਦੌਰਾਨ ਆਉਂਦੀਆਂ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਹੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਭੱਲਣ ਸਿੰਘ ਸੇਖੋਂ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕਿਸਾਨਾਂ ਨਾਲ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਡਾ. ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕਿਸਾਨਾਂ ਨਾਲ ਸਿਹਤ ਸਬੰਧੀ ਅਤੇ ਘਰੇਲੂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੈਂਪ ਵਿਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਕੈਂਪ ਵਿਚ ਪਰਾਲੀ ਦਾ ਸਫ਼ਲਤਾਪੂਰਵਕ ਪ੍ਰਬੰਧਨ ਕਰ ਰਹੇ ਅਗਾਂਹਵਧੂ ਕਿਸਾਨ ਵੀਰਾਂ ਵਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।