ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : 'ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਹੁੰਦੀਆਂ ਹਨ, ਪਰ ਪੰਜਾਬ ਸਰਕਾਰ ਆਪਣੀ ਹਰ ਜ਼ਿੰਮੇਵਾਰੀ ਤੋਂ ਭੱਜਦਿਆਂ ਕੇਂਦਰ ਦੇ ਮੂੰਹ ਵੱਲ ਹੀ ਵੇਖ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ, ਸੈਨੀਟਾੲਜ਼ਰ ਜਾਂ ਕਿੱਟਾਂ ਵੀ ਦੇਣੀਆਂ ਹਨ ਤਾਂ ਉਹ ਵੀ ਕੇਂਦਰ ਦੇਵੇ ਤਾਂ ਹੀ ਜਨਤਾ ਨੂੰ ਮਿਲਣਗੀਆਂ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਕੋਲ ਜੋ ਸਾਧਨ ਹਨ, ਉਨ੍ਹਾਂ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਖਾਤੇ, ਵਿਧਵਾ ਦੇ ਖਾਤੇ, ਬਜ਼ੁਰਗਾਂ ਦੇ ਖਾਤੇ ਰੁਪਏ ਭੇਜ ਦਿੱਤੇ, ਪਰ ਕੈਪਟ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ, ਉਹ ਆਪਣੇ ਸਾਧਨਾਂ ਨਾਲ ਲੋਕਾਂ ਦੀ ਬਿਜਲੀ ਮਾਫ ਕਰ ਸਕਦੇ ਹਨ, ਸੀਵਰੇਜ਼ ਤੇ ਵਾਟਰ ਸਪਲਾਈ ਦੇ ਬਿੱਲ ਇਕ ਸਾਲ ਦੇ ਮਾਫ ਕਰ ਸੱਕਦੇ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਪਟਨ ਸਾਬ੍ਹ ਨੇ ਕੁਝ ਵੀ ਨਹੀਂ ਕੀਤਾ। ਕਾਂਗਰਸ 'ਤੇ ਡਰੱਗ ਮਾਫੀਆ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਦਾ ਦੋਸ਼ ਲਾਉਂਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸੀ ਵਿਧਾਇਕ ਗੈਂਗਸਟਰਾਂ, ਸੈਂਡ ਮਾਫੀਆ ਤੇ ਡਰੱਗ ਮਾਫੀਆ ਨੂੰ ਬਚਾਉਣ ਲਈ ਉਨ੍ਹਾਂ ਤੋਂ ਮਹੀਨਾ ਲੈਂਦੇ ਹਨ। ਸੁਖਬੀਰ ਬਾਦਲ ਨੇ ਦੋਸ਼ ਲਗਾਏ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਕਾਂਗਰਸ ਦੇ ਸਾਰੇ ਵਿਧਾਇਕ ਟਰੱਕਾਂ ਦੇ ਟਰੱਕ ਨਾਜਾਇਜ਼ ਮਾਈਨਿੰਗ ਕਰਦੇ ਹਨ, ਜਦਕਿ ਫਿਰੋਜ਼ਪੁਰ 'ਚ ਇਕ ਵੀ ਲੀਗਲ ਮਾਈਨਿੰਗ ਨਹੀਂ ਚੱਲ ਰਹੀ ਹੈ। ਅਕਾਲੀ ਦਲ ਸੁਪ੍ਰੀਮੋ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਸੁਖਬੀਰ ਬਾਦਲ ਨੇ ਆਖਿਆ ਕਿ ਸ਼ਰਾਬ ਪਾਲਸੀ ਦੇ ਮਾਮਲੇ 'ਚ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਦਾ ਕੰਮ ਕੀਤਾ ਹੈ।

ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਨੋਨੀ ਮਾਨ, ਅਵਤਾਰ ਸਿੰੰਘ ਜ਼ੀਰਾ, ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਬੱਬੂ ,ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ, ਹਰਪ੍ਰਰੀਤ ਸਿੰਘ ਸ਼ੇਰ ਖਾਂ ਅਤੇ ਹੋਰ ਵੀ ਕਈ ਹਾਜ਼ਰ ਸਨ।

ਕੈਪਟਨ ਨੂੰ ਲੋਕਾਂ ਦੀ ਪਰਵਾਹ ਨਹੀਂ , ਐਸ਼ਪ੍ਰਸਤ ਹੈ 'ਇਨਜੁਆਏ' ਕਰ ਰਿਹਾ ਹੈ

ਪਰਵਾਸੀ ਮਜ਼ਦੂਰਾਂ ਦਾ ਪਲਾਇਨ 'ਤੇ ਸੁਖਬੀਰ ਬਾਦਲ ਨੇ ਆਖਿਆ ਕਿ ਪਰਵਾਸੀ ਮਜ਼ਦੂਰਾਂ ਨੂੰ ਇਥੇ ਰੋਟੀ ਨਹੀਂ ਮਿਲ ਰਹੀ ਸੀ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਗਏ , ਇਹੋ ਕਾਰਨ ਹੈ ਕਿ ਬਾਹਰੀ ਸੂਬਿਆਂ ਤੋਂ ਆਏ ਮਜ਼ਦੂਰ ਮਜਬੂਰੀ ਵਿਚ ਵਾਪਸ ਜਾ ਰਹੇ ਹਨ। ਕੈਪਟਨ ਨੂੰ ਲੋਕਾਂ ਦੀ ਪਰਵਾਹ ਨਹੀਂ, ਐਸ਼ਪ੍ਰਸਤ ਹੈ 'ਇਨਜੁਆਏ' ਕਰ ਰਿਹਾ ਹੈ। ਲੋਕਾਂ ਦੀ ਫਿਕਰ ਹੁੰਦੀ ਤਾਂ ਬਾਹਰੀ ਸੂਬਿਆਂ ਤੋਂ ਆਈ ਲੇਬਰ ਨੂੰ ਵਾਪਸ ਨਾ ਜਾਣ ਦੇਂਦਾ ਤੇ ਕੋਈ ਇੰਤਜ਼ਾਮ ਕਰਦਾ।

ਪੰਜਾਬ 'ਚ ਗੈਂਗਸਟਰਾਂ ਤੇ ਮਾਫੀਆ ਦਾ ਰਾਜ

ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਗੁੰਡਾ ਰਾਜ ਹੈ। ਰੇਤ ਮਾਫੀਆ ਖ਼ਿਲਾਫ਼ ਖ਼ਬਰ ਲਾਉਣ ਵਾਲੇ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਹੈ, ਲੀਡਰਾਂ ਖ਼ਿਲਾਫ਼ ਖ਼ਬਰ ਲਾਉਣ ਵਾਲਿਆਂ 'ਤੇ ਪਰਚੇ ਦਰਜ ਹੋ ਰਹੇ ਹਨ।