ਰਾਜਸਥਾਨ ਆਈ ਬੀ ਅਤੇ ਸੀ.ਆਈ.ਡੀ. ਇੰਟੈਲੀਜੈਂਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਸਰਹੱਦੀ ਕਸਬਾ ਮਮਦੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਲਈ ਜਾਸੂਸੀ ਕਰ ਰਿਹਾ ਸੀ।ਫੜੇ ਗਏ ਵਿਅੱਕਤੀ ਦੀ ਪਛਾਣ 34 ਸਾਲਾ ਪ੍ਰਕਾਸ਼ ਸਿੰਘ ਉਰਫ ਸੁੱਖਾ ਬਾਦਲ ਵਾਸੀ ਪਿੰਡ ਭੰਬਾ ਹਾਜੀ ,ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਰਾਜਸਥਾਨ ਆਈ ਬੀ ਅਤੇ ਸੀ.ਆਈ.ਡੀ. ਇੰਟੈਲੀਜੈਂਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਸਰਹੱਦੀ ਕਸਬਾ ਮਮਦੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਲਈ ਜਾਸੂਸੀ ਕਰ ਰਿਹਾ ਸੀ।ਫੜੇ ਗਏ ਵਿਅੱਕਤੀ ਦੀ ਪਛਾਣ 34 ਸਾਲਾ ਪ੍ਰਕਾਸ਼ ਸਿੰਘ ਉਰਫ ਸੁੱਖਾ ਬਾਦਲ ਵਾਸੀ ਪਿੰਡ ਭੰਬਾ ਹਾਜੀ ,ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਬਾਦਲ ਨੂੰ ਰਾਜਸਥਾਨ ਆਈ ਬੀ , ਸੀਆਈਡੀ ਵੱਲੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਸਾਧੂਵਾਲੀ ਫੌਜੀ ਟਿਕਾਣੇ ਨੇੜਿਓਂ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਅਤੀ ਸੰਵੇਦਨਸ਼ੀਲ ਇਲਾਕੇ ਵਿਚ ਵੀਡੀਵ ਬਣਾ ਰਿਹਾ ਸੀ । ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਦੇ ਇੰਸਪੈਕਟਰ ਜਨਰਲ, ਪਰਪਲ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਏਜੰਸੀ ਲਗਾਤਾਰ ਪਾਕਿਸਤਾਨੀ ਖੁਫ਼ੀਆ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ, ਜਿਸ ਦੌਰਾਨ ਇਹ ਜਾਣਕਾਰੀ ਮਿਲੀ ਕਿ ਪ੍ਰਕਾਸ਼ ਸਿੰਘ ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਿਚ ਫੌਜ ਨਾਲ ਸਬੰਧਤ ਗਤੀਵਿਧੀਆਂ 'ਤੇ ਕੰਮ ਕਰ ਰਿਹਾ ਸੀ। 27 ਨਵੰਬਰ ਨੂੰ ਖਾਸ ਸੂਚਨਾ ਮਿਲਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਜਾਂਚ ਤੋਂ ਪਤਾ ਲੱਗਿਆ ਕਿ ਬਾਦਲ ਲਗਾਤਾਰ ਭਾਰਤੀ ਅਤੇ ਵਿਦੇਸ਼ੀ ਵ੍ਹਟਸਐਪ ਨੰਬਰਾਂ, ਖਾਸ ਕਰਕੇ ਪਾਕਿਸਤਾਨੀ ਨੰਬਰਾਂ ਦੇ ਸੰਪਰਕ ਵਿੱਚ ਸੀ। ਦੋਸ਼ੀ ਦੇ ਫੋਨ ਵਿੱਚੋਂ ਪਾਕਿਸਤਾਨੀ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਅਤੇ ਜਾਸੂਸੀ ਦੇ ਸਬੂਤ ਮਿਲੇ ਹਨ।ਉਹ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਤੱਕ ਕਈ ਫੌਜੀ ਜਾਣਕਾਰੀਆਂ ਪਾਕਿਸਤਾਨ ਭੇਜ ਚੁੱਕਾ ਸੀ।
...............................................................................
ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਆਰ ਦਾ ਚੰਗਾ ਜਾਣੂ ਪ੍ਰਕਾਸ਼ 'ਆਪਰੇਸ਼ਨ ਸਿੰਦੂਰ' ਸਮੇਂ ਤੋਂ ਸੀ ਆਈਐੱਸਆਈ ਦੇ ਸੰਪਰਕ ਵਿੱਚ
ਆਈ ਜੀ ਸੀਆਈਡੀ ਪਰਪਲ ਕੁਮਾਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਉਰਫ਼ ਬਾਦਲ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਆਰ ਦਾ ਚੰਗਾ ਜਾਣੂ ਸੀ । ਬਾਦਲ ਪੁੱਛਗਿੱਛ ਵਿਚ ਮੰਨਿਆ ਕਿ ਉਹ ਲੰਬੇ ਸਮੇਂ ਤੋਂ, ਖਾਸ ਤੌਰ ’ਤੇ ‘ਆਪਰੇਸ਼ਨ ਸਿੰਦੂਰ’ ਦੇ ਸਮੇਂ ਤੋਂ ਹੀ ਆਈਐੱਸਆਈ ਦੇ ਸੰਪਰਕ ਵਿੱਚ ਸੀ। ਉਹ ਸੋਸ਼ਲ ਮੀਡੀਆ ਰਾਹੀਂ ਭਾਰਤੀ ਫੌਜ ਨਾਲ ਸੰਬੰਧਿਤ ਗੁਪਤ ਜਾਣਕਾਰੀਆਂ ਪਾਕਿਸਤਾਨੀ ਹੈਂਡਲਾਂ ਨੂੰ ਭੇਜਦਾ ਸੀ। ਇਨ੍ਹਾਂ ਜਾਣਕਾਰੀਆਂ ਵਿੱਚ ਭਾਰਤੀ ਫੌਜ ਦੇ ਵਾਹਨਾਂ, ਫੌਜੀ ਟਿਕਾਣਿਆਂ , ਸਰਹੱਦੀ ਖੇਤਰਾਂ ਦੀ ਭੂਗੋਲਿਕ ਸਥਿਤੀ, ਪੁਲਾਂ, ਸੜਕਾਂ ਅਤੇ ਰੇਲਵੇ ਨਾਲ ਸੰਬੰਧਤ ਖੁਫ਼ੀਆ ਤੱਥ ਸ਼ਾਮਲ ਸਨ।
ਇਸ ਗੁਪਤ ਕੰਮ ਦੇ ਬਦਲੇ ਉਸਨੂੰ ਮੋਟੀ ਰਕਮ ਵੀ ਮਿਲੀ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਉਸ ਤੋਂ ਜੈਪੁਰ ਵਿੱਚ ਪੁੱਛਗਿੱਛ ਕਰ ਰਹੀਆਂ ਹਨ ਅਤੇ ਸਾਰੇ ਜਾਸੂਸੀ ਨੈਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।