ਕਿਸਾਨ ਪਰਾਲੀ ਨਾ ਸਾੜ ਕੇ ਸਹੀ ਨਿਬੇੜਾ ਕਰਨ : ਹਰਪ੍ਰੀਤ ਪਾਲ ਕੌਰ
ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਸੁਯੋਗ ਪ੍ਰਬੰਧਨ ਕਰਕੇ ਪਰਾਲੀ ਦਾ ਕਰਨ ਨਿਬੇੜਾ:ਹਰਪ੍ਰੀਤ ਪਾਲ ਕੌਰ
Publish Date: Wed, 12 Nov 2025 05:12 PM (IST)
Updated Date: Wed, 12 Nov 2025 05:13 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਕਿਸਾਨ ਵੀਰਾਂ ਨੂੰ ਪਰਾਲੀ ਨੁੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫੀਲਡ ਵਿਚ ਮੌਜੂਦ ਹੈ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸਾਰਥਿਕ ਤਰੀਕੇ ਨਾਲ ਨਿਬੇੜਾ ਕਰਨ ਦੇ ਉਦੇਸ਼ ਤਹਿਤ ਅਧਿਕਾਰੀ ਸਾਹਿਬਾਨ ਕਿਸਾਨ ਵੀਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਰਹੇ ਹਨ। ਪਰਾਲੀ ਨੂੰ ਅੱਗ ਨਾ ਲਗਾਈਏ ਵਾਤਾਵਰਣ ਨੂੰ ਬਚਾਈਏ ਨਾਅਰੇ ਤਹਿਤ ਸਾਰਾ ਪ੍ਰਸ਼ਾਸਨਿਕ ਅਮਲਾ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ।ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਫੀਲਡ ਵਿਚ ਉਤਰ ਕੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਪਿੰਡ ਲਾਧੂਕਾ, ਤਰੋਬੜੀ, ਖੁੰਡ ਵਾਲਾ, ਬੁੱਧੋ ਕੇ, ਹੋਜ ਗੰਦੜ, ਚੱਕ ਪੱਖੀ, ਚੱਕ ਦੁਮਾਲ, ਚੱਕ ਮੌਜਦੀਨ, ਹੌਜ ਖਾਸ, ਚੱਕ ਸੋਤਰੀਆਂ ਤੇ ਸੈਣੀਆਂ ਆਦਿ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ| ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰਨ ਹਿੱਤ ਲਗਾਤਾਰ ਕਾਰਜਸ਼ੀਲ ਹੈ।ਉਣਾ ਦੱਸਿਆ ਕਿ ਕਲਸਟਰ ਅਫਸਰ, ਨੋਡਲ ਅਫਸਰ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਪਿੰਡਾਂ ਦਾ ਦੌਰਾ ਕਰ ਕਿਸਾਨਾਂ ਨਾਲ ਤਾਲਮੇਲ ਬਣਾ ਕੇ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ| ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਾਡੀ ਆਬੋ-ਹਵਾ ਦੂਸ਼ਿਤ ਹੁੰਦੀ ਹੈ ਤੇ ਵਾਤਾਵਰਣ ਦੂਸ਼ਿਤ ਹੋਣ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਹਨ ਤੇ ਦੁਰਘਟਨਾਵਾਂ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦਾ ਬੇਲਰਾ ਆਦਿ ਨਾਲ ਤਾਲਮੇਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਪਰਾਲੀ ਦੀਆਂ ਬੇਲਾਂ ਬਣਵਾ ਕੇ ਇਸਦਾ ਸੁਯੋਗ ਪ੍ਰਬੰਧਨ ਹੋ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਖੁਸ਼ਹਾਲ ਤੇ ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰੀਏ ਤੇ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਈਏ ਤਾਂ ਜੋ ਸਾਡਾ ਵਾਤਾਵਰਣ ਬਿਮਾਰੀਆਂ ਮੁਕਤ ਰਹੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤੀਬਾੜੀ ਦੇ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਇਸ ਦਾ ਸਹੀ ਪ੍ਰਬੰਧਨ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ ।