ਮੰਡੀਕਰਨ ਦੀ ਖੱਜਲ-ਖੁਆਰੀ ਤੋਂ ਬਚਣ ਲਈ ਕਿਸਾਨਾਂ ਨੇ ਬਦਲੀ ਰਣਨੀਤੀ
ਫਿਰੋਜ਼ਪੁਰ ਦੇ ਕਿਸਾਨਾਂ ਨੇ ਬਦਲੀ ਰਣਨੀਤੀ
Publish Date: Sun, 24 May 2026 03:40 PM (IST)
Updated Date: Sun, 24 May 2026 03:43 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਾਉਣੀ ਦੀ ਮੁੱਖ ਫਸਲ ਝੋਨੇ ਅਤੇ ਬਾਸਮਤੀ ਦੇ ਭਾਅ ਵਿਚ ਪਿਛਲੇ ਲਗਾਤਾਰ ਦੂਸਰੇ ਸਾਲ ਤੋਂ ਚੱਲੀ ਆ ਰਹੀ ਸਥਿਰਤਾ (ਖੜੋਤ) ਕਾਰਨ, ਇਸ ਵਾਰ ਫਿਰੋਜ਼ਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਦੀ ਸੋਚ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਬਾਸਮਤੀ ਅਤੇ ਝੋਨੇ ਦੀ ਪਨੀਰੀ ਬੀਜਣ ਵੱਲ ਬਰਾਬਰ ਦਿਲਚਸਪੀ ਦਿਖਾਈ ਜਾ ਰਹੀ ਹੈ। ਅਸਲ ਵਿਚ ਅੰਨਦਾਤੇ ਨੂੰ ਹੁਣ ਇਹ ਗੱਲ ਭਲੀਭਾਂਤ ਸਮਝ ਆ ਚੁੱਕੀ ਹੈ ਕਿ ਸਿਰਫ਼ ਬਾਸਮਤੀ ਦੀ ਹੀ ਨਿਰੋਲ ਬਿਜਾਈ ਕਰਨ ਨਾਲ ਮੰਡੀਕਰਨ ਦੌਰਾਨ ਜਿਹੜੀਆਂ ਵੱਡੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਦਾ ਹੱਲ ਫਸਲ ਦੇ ਅਧੀਨ ਆਉਂਦੇ ਰਕਬੇ ਨੂੰ ਸੰਤੁਲਿਤ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਕਿਸਾਨ ਬਾਸਮਤੀ ਦੇ ਨਾਲ-ਨਾਲ ਪਰਮਲ ਝੋਨੇ ਨੂੰ ਵੀ ਬਰਾਬਰ ਦੀ ਪਹਿਲ ਦੇ ਰਹੇ ਹਨ, ਤਾਂ ਜੋ ਮੰਡੀਆਂ ਵਿਚ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਆਰਥਿਕ ਮਾਰ ਨਾ ਝੱਲਣੀ ਪਵੇ। ਸਾਉਣੀ ਦੇ ਸੀਜ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਫਿਰੋਜ਼ਪੁਰ ਦੇ ਨਾਲ ਲੱਗਦੇ ਪੇਂਡੂ ਖੇਤਰਾਂ ਵਿਚ ਕਿਸਾਨਾਂ ਵੱਲੋਂ ਪਨੀਰੀਆਂ ਬੀਜਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਇਸ ਵਾਰ ਖੇਤਾਂ ਦਾ ਦ੍ਰਿਸ਼ ਪਿਛਲੇ ਸਾਲਾਂ ਨਾਲੋਂ ਕਾਫੀ ਵੱਖਰਾ ਹੈ। ਜਿੱਥੇ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਵਿਚ ਸਿਰਫ਼ ਬਾਸਮਤੀ ਬੀਜਣ ਦਾ ਇੱਕਤਰਫ਼ਾ ਜਨੂੰਨ ਦੇਖਿਆ ਜਾਂਦਾ ਸੀ, ਉੱਥੇ ਹੀ ਇਸ ਵਾਰ ਕਿਸਾਨ ਬਹੁਤ ਹੀ ਸੋਚ-ਸਮਝ ਕੇ ਕਦਮ ਪੁੱਟ ਰਹੇ ਹਨ। ਖੇਤੀ ਮਾਹਿਰਾਂ ਅਤੇ ਸਥਾਨਕ ਸਰਵੇਖਣਾਂ ਅਨੁਸਾਰ ਕਿਸਾਨਾਂ ਨੇ ਇਸ ਵਾਰ ਆਪਣੀ ਰਣਨੀਤੀ ਬਦਲ ਲਈ ਹੈ ਅਤੇ ਉਹ ਬਾਸਮਤੀ ਦੇ ਨਾਲ-ਨਾਲ ਪਰਮਲ ਝੋਨੇ ਦੀਆਂ ਰਵਾਇਤੀ ਕਿਸਮਾਂ ਵੱਲ ਵੀ ਉਨੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਸਬੰਧੀ ਇਲਾਕੇ ਦੇ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਖੇਤਾਂ ਦੇ ਤਜ਼ਰਬੇ ਸਾਂਝੇ ਕੀਤੇ। ਕਿਸਾਨ ਭਗਵਾਨ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਪ੍ਰਸਿੱਧ ਕਿਸਮਾਂ ਪੂਸਾ 1401 (ਮੁੱਛਲ) ਅਤੇ ਬਾਸਮਤੀ 1121’ ਦੇ ਬਜ਼ਾਰੀਕਰਨ ਨੂੰ ਬਿਹਤਰ ਬਣਾਉਣ ਅਤੇ ਮੰਡੀ ਵਿੱਚ ਖਪਤ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ, ਉਹ ਇਸ ਵਾਰ ਆਪਣੇ ਖੇਤਾਂ ਵਿਚ ਜ਼ਿਆਦਾ ਰਕਬੇ ’ਤੇ ਪਰਮਲ ਝੋਨੇ ਦੀ ਬਿਜਾਈ ਕਰ ਰਹੇ ਹਨ। ਕਿਸਾਨਾਂ ਖੁੱਲ੍ਹ ਕੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਅਤੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੇ ਆਪਣੇ ਆਪੋ-ਆਪਣੇ ਖੇਤਾਂ ਵਿਚ ਵੱਡੇ ਪੱਧਰ ’ਤੇ ਸਿਰਫ਼ ਬਾਸਮਤੀ ਦੀ ਹੀ ਫਸਲ ਬੀਜ ਦਿੱਤੀ ਸੀ। ਪਰ ਜਦੋਂ ਫਸਲ ਪੱਕ ਕੇ ਤਿਆਰ ਹੋਈ ਤਾਂ ਮੰਡੀ ਵਿਚ ਆਮਦ ਜ਼ਿਆਦਾ ਹੋਣ ਕਾਰਨ ਅਤੇ ਪ੍ਰਾਈਵੇਟ ਖਰੀਦਦਾਰਾਂ ਦੀ ਮਨਮਰਜ਼ੀ ਕਰਕੇ ਉਨ੍ਹਾਂ ਨੂੰ ਸਹੀ ਮੁੱਲ ਨਹੀਂ ਮਿਲ ਸਕਿਆ। ਇਸੇ ਕਾਰਨ ਇਸ ਵਾਰ ਕਿਸਾਨਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਫੈਸਲਾ ਕੀਤਾ ਹੈ ਕਿ ਉਹ ਆਪਣੇ ਖੇਤਾਂ ਵਿਚ ਝੋਨਾ ਅਤੇ ਬਾਸਮਤੀ ਦੋਵੇਂ ਬਰਾਬਰ ਮਾਤਰਾ ਵਿਚ ਹੀ ਬੀਜਣਗੇ, ਤਾਂ ਜੋ ਜੋਖਮ ਨੂੰ ਘਟਾਇਆ ਜਾ ਸਕੇ। ਮੰਡੀਆਂ ਵਿਚ ਫਸਲ ਦੀ ਖਰੀਦ-ਵੇਚ ਦਾ ਅਹਿਮ ਹਿੱਸਾ ਰਹਿਣ ਵਾਲੇ ਸਥਾਨਕ ਆੜ੍ਹਤੀਆਂ ਨੇ ਵੀ ਕਿਸਾਨਾਂ ਦੇ ਇਸ ਫੈਸਲੇ ਨੂੰ ਬਿਲਕੁਲ ਜਾਇਜ਼ ਅਤੇ ਸਮੇਂ ਦੀ ਲੋੜ ਦੱਸਿਆ ਹੈ। ਆੜ੍ਹਤੀ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਅਤੇ ਨਿਰਯਾਤ (ਐਕਸਪੋਰਟ) ’ਤੇ ਨਿਰਭਰ ਕਰਦੀ ਹੈ। ਇਸ ਦਾ ਕੋਈ ਪੱਕਾ ਸਰਕਾਰੀ ਘੱਟੋ-ਘੱਟ ਸਮਰਥਨ ਮੁੱਲ ਤੈਅ ਨਹੀਂ ਹੁੰਦਾ। ਬਾਸਮਤੀ ਦਾ ਸਹੀ ਅਤੇ ਸੁਚੱਜਾ ਮੰਡੀਕਰਨ ਨਾ ਹੋਣ ਕਾਰਨ, ਕਈ ਵਾਰ ਵਪਾਰੀ ਫਸਲ ਚੁੱਕਣ ਤੋਂ ਬਾਅਦ ਲੰਮਾ ਸਮਾਂ ਭੁਗਤਾਨ ਲਟਕਾ ਕੇ ਰੱਖਦੇ ਹਨ। ਨਤੀਜੇ ਵਜੋਂ ਆੜ੍ਹਤੀਆਂ ਨੂੰ ਵੀ ਅੱਗੋਂ ਕਿਸਾਨਾਂ ਨੂੰ ਸਮੇਂ ਸਿਰ ਫਸਲ ਦੇ ਪੈਸੇ ਦੇਣ ਵਿਚ ਵੱਡੀ ਦਿੱਕਤ ਆਉਂਦੀ ਹੈ। ਇਸ ਸਾਰੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫਸਲ ਵੇਚਣ ਸਮੇਂ ਭਾਰੀ ਖੱਜਲ-ਖੁਆਰੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਸਰੇ ਪਾਸੇ ਜੇਕਰ ਪਰਮਲ ਝੋਨੇ ਦੀ ਗੱਲ ਕੀਤੀ ਜਾਵੇ, ਤਾਂ ਇਸ ਦੀਆਂ ਕੀਮਤਾਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਤੈਅ ਐੱਮਐੱਸਪੀ ਕੀਤੀਆਂ ਹੁੰਦੀਆਂ ਹਨ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇਸ ਦੀ ਸਿੱਧੀ ਖਰੀਦ ਕੀਤੀ ਜਾਂਦੀ ਹੈ, ਜਿਸ ਕਾਰਨ ਨਾ ਤਾਂ ਰੇਟ ਘਟਣ ਦਾ ਡਰ ਹੁੰਦਾ ਹੈ ਅਤੇ ਨਾ ਹੀ ਵੇਚਣ ਵਿੱਚ ਕੋਈ ਵੱਡੀ ਪ੍ਰੇਸ਼ਾਨੀ ਆਉਂਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਹੋ ਜਾਂਦੀ ਹੈ। ਆੜ੍ਹਤੀਆਂ ਅਨੁਸਾਰ ਇਹ ਇਕ ਵੱਡਾ ਕਾਰਨ ਹੈ ਕਿ ਇਸ ਵਾਰ ਫਿਰੋਜ਼ਪੁਰ ਇਲਾਕੇ ਦੇ ਕਿਸਾਨਾਂ ਦਾ ਰੁਝਾਨ ਬਾਸਮਤੀ ਬੀਜਣ ਦੇ ਨਾਲ-ਨਾਲ ਆਪਣੇ ਖੇਤਾਂ ਵਿਚ ਪਰਮਲ ਝੋਨੇ ਦੀਆਂ ਵੱਖ-ਵੱਖ ਉੱਨਤ ਕਿਸਮਾਂ ਬੀਜਣ ਵੱਲ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਖੇਤੀਬਾੜੀ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕਿਸਾਨਾਂ ਵੱਲੋਂ ਲਿਆ ਗਿਆ ਇਹ ਫੈਸਲਾ ਆਰਥਿਕ ਪੱਖੋਂ ਬਹੁਤ ਹੀ ਸਾਰਥਕ ਹੈ। ਕਿਸੇ ਇਕ ਫਸਲ ਉੱਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ, ਫਸਲਾਂ ਦੇ ਰਕਬੇ ਨੂੰ ਵੰਡਣਾ ਹਮੇਸ਼ਾ ਫਾਇਦੇਮੰਦ ਰਹਿੰਦਾ ਹੈ। ਅਮਰੀਕਾ-ਇਜਰਾਇਲ ਅਤੇ ਇਰਾਨ ਵਿੱਚ ਚੱਲ ਰਹੇ ਯੁੱਧ ਕਾਰਨ ਡੀਜ਼ਲ, ਪਟਰੋਲ ਅਤੇ ਰਸੋਈ ਗੈਸ ਦੇ ਭਾਅ ਅਸਮਾਨ ਛੂਹ ਰਹੇ ਹਨ, ਇਸ ਸਾਲ ਕੌਮਾਂਤਰੀ ਬਾਜ਼ਾਰ ਵਿਚ ਬਾਸਮਤੀ ਦੇ ਨਿਰਯਾਤ ਵਿਚ ਅੜਿੱਕਾ ਪੈ ਸਕਦਾ ਹੈ ਜਾਸ ਕਾਰਨ ਬਾਸਮਤੀ ਦੇ ਭਾਅ ਮੰਦੜੇ ਰਹਿਣ ਦੀ ਸੰਭਾਵਨਾਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਇਸ ਕਰਕੇ ਪਰਮਲ ਝੋਨੇ ਦੀ ਸਰਕਾਰੀ ਖਰੀਦ ਕਿਸਾਨ ਦਾ ਲੱਕ ਟੁੱਟਣ ਤੋਂ ਬਚਾ ਲਵੇਗੀ। ਇਲਾਕੇ ਦੇ ਕਿਸਾਨਾਂ ਦੀ ਇਸ ਬਦਲੀ ਸੋਚ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹੁਣ ਪੰਜਾਬ ਦਾ ਕਿਸਾਨ ਸਿਰਫ਼ ਰਵਾਇਤੀ ਖੇਤੀ ਹੀ ਨਹੀਂ ਕਰ ਰਿਹਾ, ਬਲਕਿ ਬਾਜ਼ਾਰ ਦੀਆਂ ਚਾਲਾਂ ਅਤੇ ਮੰਡੀ ਦੇ ਨਫ਼ੇ-ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝ ਕੇ ਫੈਸਲੇ ਲੈਣ ਲੱਗ ਪਿਆ ਹੈ। ਇਹ ਬਦਲਾਅ ਆਉਣ ਵਾਲੇ ਦਿਨਾਂ ਵਿਚ ਫਿਰੋਜ਼ਪੁਰ ਦੇ ਕਿਸਾਨਾਂ ਲਈ ਆਰਥਿਕ ਸਥਿਰਤਾ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਏਗਾ।