ਮੁਲਾਜ਼ਮਾਂ ਨੇ ਐੱਫਆਈਆਰ ਦੀਆਂ ਕਾਪੀਆਂ ਸਾੜਕੇ ਕੀਤਾ ਰੋਸ ਜ਼ਾਹਰ
ਮੁਲਾਜ਼ਮਾਂ ਨੇ ਐੱਫਆਈਆਰ ਦੀਆਂ ਕਾਪੀਆਂ ਸਾੜਕੇ ਕੀਤਾ ਰੋਸ ਜ਼ਾਹਰ
Publish Date: Tue, 02 Dec 2025 03:24 PM (IST)
Updated Date: Tue, 02 Dec 2025 03:26 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੀ ਗਈ ਕੌਮੀ ਰੈਲੀ ਤੋ ਬੁਖਲਾਈ ਦਿੱਲੀ ਸਰਕਾਰ ਨੇ ਕੇਦਰ ਸਰਕਾਰ ਦੇ ਇਸ਼ਾਰੇ ਤੇ ਐੱਨਓਪੀਐੱਸ ਦੇ ਤਿੰਨ ਕੌਮੀ ਆਗੂਆਂ ਖਿਲਾਫ ਐੱਫਆਰਆਈ ਦਰਜ ਕਰ ਦਿੱਤੀ ਹੈ। ਜਿਸ ਕਾਰਨ ਪੂਰੇ ਭਾਰਤ ਭਰ ਦੇ ਸਰਕਾਰੀ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਤਹਿਤ ਜਿਥੇ ਅੱਜ ਪੂਰੇ ਭਾਰਤ ਵਿਚ ਇਸ ਐੱਫਆਈਆਰ ਦੀਆਂ ਕਾਪੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਥੇ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡ ਕੁਆਟਰਾਂ ਅਤੇ ਵੱਖ-ਵੱਖ ਵਿਭਾਗਾਂ ਵਿਚ ਉਕਤ ਐੱਫਆਈਆਰ ਦੀਆਂ ਕਾਪੀਆਂ ਸਾੜੀਆਂ ਗਈਆਂ। ਫਿਰੋਜ਼ਪੁਰ ਵਿਖੇ ਡੀਸੀ ਦਫਤਰ ਦੇ ਮੂਹਰੇ ਮੁਲਾਜ਼ਮਾਂ ਦੇ ਭਰਵੇ ਇਕੱਠ ਵਿਚ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਦੀ ਆਗਵਾਈ ਵਿਚ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਖਿਲਾਫ ਦਿੱਲੀ ਵਿਖੇ ਕੀਤੀ ਗਈ ਐੱਫਆਈਆਰ ਦੀਆਂ ਕਾਪੀਆਂ ਸਾੜਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਆਗੂਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਸੰਦੀਪ ਦਿਓਲ, ਪ੍ਰਧਾਨ ਡੀਸੀ ਦਫਤਰ, ਓਮ ਪ੍ਰਕਾਸ਼ ਰਾਣਾ ਸੂਬਾ ਮੀਤ ਪ੍ਰਧਾਨ ਸੀਪੀਐੱਫ ਕਰਮਚਾਰੀ ਯੂਨੀਅਨ, ਗੁਰਤੇਜ ਸਿੰਘ ਜਨਰਲ ਸਕੱਤਰ ਡੀਸੀ ਦਫਤਰ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ, ਮਨੋਹਰ ਲਾਲ ਜ਼ਿਲ੍ਹਾ ਸਰਪ੍ਰਸਤ, ਜੁਗਲ ਕਿਸ਼ੋਰ ਆਨੰਦ ਪ੍ਰਧਾਨ ਲੋਕ ਨਿਰਮਾਣ ਵਿਭਾਗ, ਮਨੀਸ਼ ਕੁਮਾਰ ਪ੍ਰਧਾਨ ਖਜ਼ਾਨਾਂ ਵਿਭਾਗ, ਅਮਰਨਾਥ ਅਤੇ ਰਛਪਾਲ ਸਿੰਘ ਸਿੱਖਿਆ ਵਿਭਾਗ, ਚਰਨਜੀਤ ਸਿੰਘ ਸਿਵਲ ਸਰਜਨ ਦਫਤਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਸੈਕੜੇ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਮੁਲਾਜ਼ਮਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ, ਓਮ ਪ੍ਰਕਾਸ਼ ਰਾਣਾ, ਗੁਰਤੇਜ ਸਿੰਘ, ਪਿੱਪਲ ਸਿੰਘ ਸਿੱਧੂ, ਮਨੋਹਰ ਲਾਲ ਨੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਕੋਝੇ ਕਾਰਨਾਮੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਮੁਲਾਜ਼ਮ ਆਗੂਆਂ ਨੂੰ ਦਬਾਉਣ ਲਈ ਕੀਤੀ ਗਈ ਇਹ ਐੱਫਆਈਆਰ ਤੁਰੰਤ ਰੱਦ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਿਨ੍ਹਾ ਦੇਰੀ ਦੇ ਬਹਾਲ ਕਰਕੇ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਕਿਹਾ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਨੇ ਜ਼ਬਰ ਜੁਲਮ ਨਾਲ ਅਤੇ ਧੱਕੇਸ਼ਾਹੀ ਨਾਲ ਇਸ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ।