ਚੋਣਾਂ ਦੇ ਮੱਦੇਨਜ਼ਰ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ
Publish Date: Tue, 02 Dec 2025 05:24 PM (IST)
Updated Date: Tue, 02 Dec 2025 05:26 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਦੀਆਂ ਆਮ ਚੋਣ-2025 ਮਿਤੀ 14-ਦਸੰਬਰ 2025 ਨੂੰ ਕਰਵਾਈ ਜਾਵੇਗੀ ਅਤੇ ਇਸਦਾ ਨਤੀਜਾ ਮਿਤੀ 17ਦਸੰਬਰ 2025 ਨੂੰ ਐਲਾਨਿਆ ਜਾਵੇਗਾ। ਇਨ੍ਹਾਂ ਚੋਣਾਂ ਮੌਕੇ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ/ਲੋਕਹਿੱਤ ਵਿਚ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ ਸਾਂਤਮਈ ਢੰਗ ਨਾਲ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮੱਗਰੀ ਮਾਰੂ ਹਥਿਆਰ ਆਦਿ ਨੂੰ ਨਾਲ ਲੈ ਕੇ ਚੱਲਣ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਇਸ ਲਈ ਦੀਪਸਿਖਾ ਸ਼ਰਮਾ, ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮੱਗਰੀ, ਮਾਰੂ ਹਥਿਆਰ ਆਦਿ ਨਾਲ ਲੈ ਕੇ ਜਾਣ ਤੇ ਪਾਬੰਦੀ ਲਗਾਈ ਹੈ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਉਨ੍ਹਾਂ ਸਾਰੇ ਅਸਲਾ ਲਾਇਸੈਸ ਧਾਰਕਾਂ ਨੂੰ ਵੀ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਨੂੰ ਜ਼ਿਲ੍ਹਾ ਸਕ੍ਰੀਨਿੰਗ ਕਮੇਟੀ ਦੀ ਸਿਫਾਰਸ਼ ਤੇ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਦੇ ਦਫਤਰ ਦੁਆਰਾ ਜਾਰੀ ਕੀਤਾ ਗਿਆ ਹੈ ਉਹ ਆਪਣੇ ਹਥਿਆਰ ਅਤੇ ਗੋਲੀ ਸਿੱਕਾ ਲੋਕਲ ਥਾਣੇ ਜਾਂ ਮਨਜ਼ੂਰਸ਼ੁਦਾ ਅਸਲਾ ਡੀਲਰਾਂ ਪਾਸ ਜਮ੍ਹਾ ਕਰਵਾਉਣ। ਇਸ ਹੁਕਮ ਤੋਂ ਪੁਲਿਸ, ਮਿਲਟਰੀ, ਪੈਰਾ ਮਿਲਟਰੀ ਨੂੰ ਛੋਟ ਹੋਵੇਗੀ। ਇਹ ਹੁਕਮ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇੱਕ ਤਰਫਾ ਜਾਰੀ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਦੇ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਆਰਡਰ ਜਾਰੀ ਹੋਣ ਦੀ ਮਿਤੀ ਤੋਂ 19 ਦਸੰਬਰ 2025 (ਚੋਣਾਂ ਮਕੰਮਲ ਹੋਣ ਤੱਕ) ਲਾਗੂ ਰਹੇਗਾ।