ਜਨਗਣਨਾ ਦੇਸ਼ ਦੇ ਵਿਕਾਸ ਦਾ ਆਧਾਰ : ਡਾ. ਸਤੀਸ਼ ਅਰੋੜਾ
ਜਨਗਣਨਾ ਦੇਸ਼ ਦੇ ਵਿਕਾਸ ਦਾ ਆਧਾਰ, ਕਰਮਚਾਰੀ ਦੇਸ਼ ਸੇਵਾ ਦੀ ਭਾਵਨਾ ਨਾਲ ਨਿਭਾਉਣ ਡਿਊਟੀ: ਡਾ. ਸਤੀਸ਼ ਅਰੋੜਾ
Publish Date: Sun, 24 May 2026 03:38 PM (IST)
Updated Date: Sun, 24 May 2026 03:40 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਜਨਗਣਨਾ ਸਿਰਫ਼ ਨਾਗਰਿਕਾਂ ਦੀ ਗਿਣਤੀ ਕਰਨ ਦਾ ਸਾਧਨ ਨਹੀਂ ਹੈ, ਸਗੋਂ ਇਹ ਕਿਸੇ ਵੀ ਦੇਸ਼ ਦੀ ਉੱਨਤੀ, ਸਮਾਜਿਕ ਤਾਣੇ-ਬਾਣੇ ਅਤੇ ਆਰਥਿਕ ਨੀਤੀਆਂ ਨੂੰ ਘੜਨ ਦਾ ਮੁੱਖ ਆਧਾਰ ਹੁੰਦੀ ਹੈ। ਇਸ ਰਾਸ਼ਟਰੀ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਕਰਮਚਾਰੀਆਂ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਇਹ ਪ੍ਰੇਰਨਾਦਾਇਕ ਵਿਚਾਰ ਕੰਨਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਦੇ ਐੱਸਡੀਓ ਡਾ. ਸਤੀਸ਼ ਅਰੋੜਾ, ਜੋ ਕਿ ਜਨਗਣਨਾ 2027 ਲਈ ਡਾ. ਸਤੀਸ਼ ਅਰੋੜਾ ਐੱਸਡੀਓ. ਕੰਟਨੋਟਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਦੇ ਰਹੇ ਹਨ, ਨੇ ਵਿਸ਼ੇਸ਼ ਤੌਰ ’ਤੇ ਸਾਂਝੇ ਕੀਤੇ। ਡਾ. ਸਤੀਸ਼ ਅਰੋੜਾ ਨੇ ਜਨਗਣਨਾ ਦੇ ਇਤਿਹਾਸਕ ਅਤੇ ਮੌਜ਼ੂਦਾ ਮਹੱਤਵ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਰਤ ਵਿਚ ਜਨਗਣਨਾ ਕਰਵਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਰ ਦਸ ਸਾਲਾਂ ਬਾਅਦ ਨਿਯਮਿਤ ਤੌਰ ’ਤੇ ਕਰਵਾਈ ਜਾਣ ਵਾਲੀ ਇਹ ਪ੍ਰਕਿਰਿਆ ਭਾਰਤੀ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੀ ਹੈ। ਇਸ ਦੇ ਰਾਹੀਂ ਦੇਸ਼ ਦੀ ਵਧ ਰਹੀ ਆਬਾਦੀ, ਸਿੱਖਿਆ ਦੇ ਪੱਧਰ, ਰੁਜ਼ਗਾਰ ਦੇ ਸਾਧਨਾਂ ਅਤੇ ਨਾਗਰਿਕਾਂ ਦੀ ਆਰਥਿਕ ਸਥਿਤੀ ਬਾਰੇ ਬਹੁਤ ਹੀ ਬਾਰੀਕੀ ਅਤੇ ਵਿਸਥਾਰ ਨਾਲ ਅੰਕੜੇ ਇਕੱਠੇ ਕੀਤੇ ਜਾਂਦੇ ਹਨ। ਇਹ ਅੰਕੜੇ ਦੇਸ਼ ਦੇ ਭਵਿੱਖ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦੇਸ਼ ਹਿੱਤ ਵਿਚ ਬਣਾਈਆਂ ਜਾਣ ਵਾਲੀਆਂ ਤਮਾਮ ਲੋਕ ਭਲਾਈ ਸਕੀਮਾਂ, ਵਿਕਾਸ ਕਾਰਜ ਅਤੇ ਨਵੀਂਆਂ ਨੀਤੀਆਂ ਪੂਰੀ ਤਰ੍ਹਾਂ ਇਨ੍ਹਾਂ ਹੀ ਅੰਕੜਿਆਂ ’ਤੇ ਨਿਰਭਰ ਕਰਦੀਆਂ ਹਨ। ਜਨਗਣਨਾ ਤੋਂ ਪ੍ਰਾਪਤ ਰਿਪੋਰਟਾਂ ਰਾਹੀਂ ਹੀ ਸਰਕਾਰ ਨੂੰ ਇਹ ਸਪਸ਼ਟ ਪਤਾ ਲੱਗਦਾ ਹੈ ਕਿ ਦੇਸ਼ ਦੇ ਕਿਸ ਪੱਛੜੇ ਜਾਂ ਵਿਕਾਸਸ਼ੀਲ ਖੇਤਰ ਵਿਚ ਨਵੇਂ ਸਕੂਲ, ਹਸਪਤਾਲ, ਪੱਕੀਆਂ ਸੜਕਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਿੰਨੀ ਜ਼ਰੂਰਤ ਹੈ। ਇਸ ਲਈ ਇਹ ਬੇਹੱਦ ਲਾਜ਼ਮੀ ਹੋ ਜਾਂਦਾ ਹੈ ਕਿ ਦੇਸ਼ ਦਾ ਹਰ ਇਕ ਨਾਗਰਿਕ ਜਨਗਣਨਾ ਦੌਰਾਨ ਬਿਨਾਂ ਕਿਸੇ ਝਿਜਕ ਦੇ ਬਿਲਕੁਲ ਸਹੀ, ਸੱਚੀ ਅਤੇ ਭਰੋਸੇਯੋਗ ਜਾਣਕਾਰੀ ਦਰਜ ਕਰਵਾਏ, ਕਿਉਂਕਿ ਇਹ ਹਰ ਦੇਸ਼ਵਾਸੀ ਦੀ ਨੈਤਿਕ ਜ਼ਿੰਮੇਵਾਰੀ ਹੈ। ਡਾ. ਸਤੀਸ਼ ਅਰੋੜਾ ਐੱਸਡੀਓ. ਕੰਟਨੋਟਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਨੇ ਆਖਿਆ ਕਿ ਜਦੋਂ ਸਰਕਾਰੀ ਅਮਲਾ ਅਤੇ ਕਰਮਚਾਰੀ ਆਪਣੇ ਫ਼ਰਜ਼ਾਂ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਨਿਭਾਉਂਦੇ ਹਨ, ਤਦ ਹੀ ਜਨਗਣਨਾ ਵਰਗੀ ਵੱਡੀ ਅਤੇ ਵੱਕਾਰੀ ਰਾਸ਼ਟਰੀ ਮੁਹਿੰਮ ਸਫਲ ਹੁੰਦੀ ਹੈ। ਡਾ. ਅਰੋੜਾ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਮਹਾ ਅਭਿਆਨ ਨੂੰ ਕਾਮਯਾਬ ਕਰਨ ਲਈ ਜਨਗਣਨਾ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਸਦਕਾ ਹੀ ਦੇਸ਼ ਦੀ ਉੱਨਤੀ ਅਤੇ ਲੋਕਾਂ ਦੇ ਕਲਿਆਣ ਲਈ ਬਿਲਕੁਲ ਸਹੀ ਅੰਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣਗੇ।