‘ਆਪ’ ਦੇ ਰੋਡ ਸ਼ੋਅ ’ਚ ਦਿੱਤਾ ਪਾਰਟੀ ਦੀ ਏਕਤਾ ਦਾ ਸਬੂਤ
ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਵਿੱਚ ਵਿਧਾਇਕ ਸਵਨਾ ਦੇ ਸਾਰੇ ਧੁਰੰਧਰ ਇਕੱਠੇ, ਸ਼ਹਿਰ ਵਿੱਚ ਦਿਖਾਈ ਪਾਰਟੀ ਦੀ ਏਕਤਾ
Publish Date: Sun, 24 May 2026 05:41 PM (IST)
Updated Date: Sun, 24 May 2026 05:43 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਫਾਜ਼ਿਲਕਾ ’ਚ ਆਪਣਾ ਬੋਰਡ ਬਣਾਉਣ ਦੇ ਮਕਸਦ ਨਾਲ ਰੋਡ ਸ਼ੋਅ ਕੱਢਿਆ ਗਿਆ। ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਦੀ ਅਗਵਾਈ ਹੇਠ ਕੱਢੇ ਗਏ ਇਸ ਰੋਡ ਸ਼ੋਅ ਵਿੱਚ ਪਾਰਟੀ ਦੇ ਸਾਰੇ ਵਾਰਡਾਂ ਦੇ ਉਮੀਦਵਾਰਾਂ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ। ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਪਾਰਟੀ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਨਗਰ ਕੌਂਸਲ ਵਿੱਚ ਇੱਕ ਮੌਕਾ ਦੇਣ ਦੀ ਮੰਗ ਕੀਤੀ। ਰੋਡ ਸ਼ੋਅ ਦੀ ਅਗਵਾਈ ਕਰਦੇ ਹੋਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮਪਤਨੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਫਾਜ਼ਿਲਕਾ ਦੇ ਲੋਕ ਪਹਿਲਾਂ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਚੁੱਕੇ ਹਨ, ਪਰ ਕਿਸੇ ਵੀ ਪਾਰਟੀ ਨੇ ਸ਼ਹਿਰ ਦੇ ਵਿਕਾਸ ਵੱਲ ਢੰਗ ਨਾਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਸੀਵਰੇਜ ਅਤੇ ਸਫਾਈ ਵਰਗੀਆਂ ਬੁਨਿਆਦੀ ਸਮੱਸਿਆਵਾਂ ਅੱਜ ਵੀ ਲੋਕਾਂ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਵਿਧਾਇਕ ਸਵਨਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਰਵਾਇਤੀ ਸਿਆਸੀ ਧਿਰਾਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੱਤਾ ਸੌਂਪੀ ਹੈ ਅਤੇ ਪਾਰਟੀ ਨੇ ਸਿੱਖਿਆ, ਸਿਹਤ, ਕਾਨੂੰਨ ਵਿਵਸਥਾ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਰਿਕਾਰਡ ਤੋੜ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਬਿਹਤਰ ਢੰਗ ਨਾਲ ਚਲਾਉਣ ਦੀ ਸਮਰੱਥਾ ਸਿਰਫ਼ ਆਮ ਆਦਮੀ ਪਾਰਟੀ ਵਿੱਚ ਹੈ। ਇਸ ਮੌਕੇ ਖੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਸਥਾਨਕ ਨਿਕਾਇਕ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਸੇਵਾ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਸਥਾਨਕ ਸੰਸਥਾਵਾਂ ਵਿੱਚ ਚੱਲ ਰਹੀ ਅਵਿਵਸਥਾ ਨੂੰ ਖਤਮ ਕਰਕੇ ਲੋਕਾਂ ਨੂੰ ਵਧੀਆ ਨਾਗਰਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਸ਼ਿਵ ਜਾਜੋਰੀਆ, ਕ੍ਰਿਸ਼ਨ ਕੰਬੋਜ, ਪਰਵਿੰਦਰ ਸਿੰਘ ਪਿੰਦਰ, ਟਰੇਡ ਵਿੰਗ ਦੇ ਲਵਿਸ਼ ਚਾਵਲਾ, ਬੰਟੀ ਸ਼ਰਮਾ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਤੇ ਆਗੂ ਵੀ ਮੌਜੂਦ ਰਹੇ। ਰੋਡ ਸ਼ੋਅ ਦੌਰਾਨ ਸ਼ਹਿਰ ਵਿੱਚ ਪਾਰਟੀ ਦੀ ਏਕਤਾ ਅਤੇ ਚੋਣਾਂ ਨੂੰ ਲੈ ਕੇ ਉਤਸ਼ਾਹ ਸਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਰੋਡ ਸ਼ੋਅ ਵਿੱਚ ਵਾਰਡ ਨੰਬਰ 1 ਤੋਂ ਬੰਸੀ ਸਾਮਾ, ਵਾਰਡ ਨੰਬਰ 2 ਤੋਂ ਰਾਜਵੰਤ ਕੌਰ, ਵਾਰਡ ਨੰਬਰ 3 ਤੋਂ ਸੁਨੀਲ ਮੈਨੀ, ਵਾਰਡ ਨੰਬਰ 4 ਤੋਂ ਸਪਨਾ ਗਿਰਧਰ, ਵਾਰਡ ਨੰਬਰ 9 ਤੋਂ ਪ੍ਰਦੀਪ ਕੁਮਾਰ ਬਬਲੀ ਰੇਵਾੜੀਆ, ਵਾਰਡ ਨੰਬਰ 12 ਤੋਂ ਸੋਮਾ ਰਾਣੀ, ਵਾਰਡ ਨੰਬਰ 14 ਤੋਂ ਵਰਸ਼ਾ ਚੇਤੀਵਾਲ, ਵਾਰਡ ਨੰਬਰ 15 ਤੋਂ ਡਾ. ਨਿਸ਼ੂ ਡੋਗਰਾ, ਵਾਰਡ ਨੰਬਰ 17 ਤੋਂ ਪ੍ਰਭੁਦਿਆਲ ਖਤਰੀ, ਵਾਰਡ ਨੰਬਰ 18 ਤੋਂ ਸੋਮਾ ਰਾਣੀ, ਵਾਰਡ ਨੰਬਰ 19 ਤੋਂ ਭਗਵਾਨ ਸਿੰਘ, ਵਾਰਡ ਨੰਬਰ 20 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 21 ਤੋਂ ਦੀਪਕ ਸ਼ਰਮਾ, ਵਾਰਡ ਨੰਬਰ 22 ਤੋਂ ਰੁਪਿੰਦਰ ਕੌਰ, ਵਾਰਡ ਨੰਬਰ 23 ਤੋਂ ਅਨਿਲ ਸੇਠੀ, ਵਾਰਡ ਨੰਬਰ 24 ਤੋਂ ਅੰਕਿਤਾ ਸਚਦੇਵਾ ਅਤੇ ਵਾਰਡ ਨੰਬਰ 25 ਤੋਂ ਸੰਦੀਪ ਕੁਮਾਰ ਡਾਕਟਰ ਸਮੇਤ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਨੇ ਭਾਗ ਲਿਆ। ਖੁਸ਼ਬੂ ਸਵਨਾ ਨੇ ਕੀਤਾ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 2 ਤੋਂ ਉਮੀਦਵਾਰ ਰਾਜਵੰਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਖੁਸ਼ਬੂ ਸਾਵਨਸੁਖਾ ਸਵਨਾ ਵੱਲੋਂ ਇਲਾਕੇ ਵਿੱਚ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨ੍ਹਾਂ ਨੇ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ। ਸਵਨਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਲੋਕ ਭਲਾਈ ਲਈ ਇਤਿਹਾਸਕ ਕੰਮ ਕੀਤੇ ਜਾ ਰਹੇ ਹਨ ਅਤੇ ਹੁਣ ਨਗਰ ਕੌਂਸਲ ਵਿੱਚ ਵੀ ਪਾਰਟੀ ਨੂੰ ਮੌਕਾ ਮਿਲਣ ‘ਤੇ ਲੋਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਦੇ ਵਿਕਾਸ ਲਈ ਪਾਰਟੀ ਵੱਲੋਂ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।