ਅੰਮਿ੍ਤ ਖਾਲਸਾ, ਅਬੋਹਰ : ਪਿੰਡ ਸਰਦਾਰਪੁਰਾ 'ਚ ਕੁਝ ਲੋਕਾਂ ਵੱਲੋਂ ਇਕ ਨੌਜਵਾਨ ਨੂੰ ਦਰਖੱਤ ਨਾਲ ਬੰਨ੍ਹ ਕੇ ਕੁੱਟਣ ਦਾ ਮਾਮਲਾ ਸ਼ੋਸਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਉਕਤ ਨੌਜਵਾਨ ਨੂੰ ਛੁਡਵਾਉਂਦੇ ਹੋਏ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਤੇ ਜ਼ਖ਼ਮੀ ਨੌਜਵਾਨ ਦੇ ਬਿਆਨ ਕਲਮਬੱਧ ਕਰਕੇ ਕਾਰਵਾਈ ਆਰੰਭ ਦਿੱਤੀ। ਜਦ ਕਿ ਦੂਜੇ ਪਾਸੇ ਉਕਤ ਮਾਮਲਾ ਪਿੰਡ ਦੇ ਇਕ ਘਰ 'ਚ ਦਾਖਲ ਹੋ ਕੇ ਲੜਕੀ ਨਾਲ ਛੇੜਛਾੜ ਕਰਨ ਦਾ ਦੱਸਿਆ ਜਾ ਰਿਹਾ ਹੈ। ਹਸਪਤਾਲ ਵਿੱਚ ਜੇਰੇ ਇਲਾਜ 26 ਸਾਲਾ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਅਬੋਹਰ 'ਚ ਜੂਡੋ ਕੋਚ ਦਾ ਕੰਮ ਕਰਦਾ ਹੈ ਅਤੇ ਡੇਢ ਸਾਲ ਪਹਿਲਾਂ ਤੋਂ ਉਸ ਦੇ ਪਿੰਡ ਦੇ ਲੋਕਾਂ ਨਾਲ ਮੋਬਾਈਲ ਚੋਰੀ ਦਾ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਬੀਤੇ ਦਿਨੀਂ ਜਦ ਉਹ ਪਿੰਡ ਤੋਂ ਸ਼ਹਿਰ ਆ ਰਿਹਾ ਸੀ ਤਾਂ ਉਕਤ ਲੋਕਾਂ ਨੇ ਕੁਝ ਲੋਕਾਂ ਨਾਲ ਮਿਲ ਕੇ ਉਸ ਨੂੰ ਘਰ ਲੈ ਜਾ ਕੇ ਦਰਖੱਤ ਨਾਲ ਬਣ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਦ ਸੂਚਨਾ ਮਿਲਣ 'ਤੇ ਉਸ ਦੇ ਪਿਤਾ ਤੇ ਭਰਾ ਆਏ ਤਾਂ ਹਮਲਾਵਰਾਂ ਨੇ ਫਿਰ ਵੀ ਉਸ ਨੂੰ ਨਾ ਛੱਡਿਆ ਤਾਂ ਪੁਲਿਸ ਨੇ ਮੌਕੇ ਪੁੱਜ ਕੇ ਉਕਤ ਲੋਕਾਂ ਤੋਂ ਉਸ ਨੂੰ ਛੁਡਵਾ ਕੇ ਹਸਪਤਾਲ ਦਾਖਲ ਕਰਵਾਇਆ।

ਦੂਜੇ ਪਾਸੇ ਇਸ ਹੀ ਪਿੰਡ ਦੇ ਇਕ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਸ਼ਾਮ ਜਦ ਉਨ੍ਹਾਂ ਦੀ ਧੀ ਘਰ 'ਚ ਇੱਕਲੀ ਕਪੜੇ ਧੋ ਰਹੀ ਸੀ ਤਾਂ ਉਕਤ ਨੌਜਵਾਨ ਜਬਰਦਸਤੀ ਉਨ੍ਹਾਂ ਦੇ ਘਰ ਦਾਖਲ ਹੋਇਆ ਤੇ ਉਸ ਦੀ ਧੀ ਨਾਲ ਮਾੜਾ ਵਿਵਹਾਰ ਕਰਦੇ ਹੋਏ ਜਬਰਦਸਤੀ ਕਪੜੇ ਪਾੜ ਦਿੱਤੇ। ਉਸ ਵੱਲੋਂ ਰੋਲਾ ਪਾਉਣ ਤੇ ਆਸ-ਪਾਸ ਦੇ ਲੋਕ ਅਤੇ ਪਰਿਵਾਰ ਇੱਕਠਾ ਹੋ ਗਿਆ ਤਾਂ ਪ੍ਰਵੀਨ ਨੂੰ ਕਾਬੂ ਕਰਕੇ ਉਸ ਦੀ ਛਿੱਤਰ ਪਰੇਡ ਕੀਤੀ ਗਈ ਅਤੇ ਭੱਜ ਨਾ ਸਕੇ ਇਸ ਲਈ ਦਰਖੱਤ ਨਾਲ ਬੰਨ੍ਹ ਦਿੱਤਾ ਗਿਆ ਅਤੇ ਪੁਲਿਸ ਦੇ ਆਉਣ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਦ ਕਿ ਇਸ ਸਬੰਧੀ ਥਾਣਾ ਸਦਰ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਦੋਨਾਂ ਧਿਰਾਂ ਦੇ ਬਿਆਨ ਕਲਮਬੱਧ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।