ਪੰਜਾਬੀ ਜਾਗਰਣ ਟੀਮ,ਫ਼ਾਜ਼ਲਿਕਾ/ਅਬੋਹਰ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ 'ਚ ਕੇਂਦਰੀ ਬਲਾਂ ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦੇ ਕੇਂਦਰ ਦੇ ਫੈਸਲੇ ਤੋਂ ਪੈਦਾ ਹੋਏ ਖਤਰੇ ਨੁੰ ਘੱਟ ਦੱਸਣ ਦੀ ਨਿਖੇਧੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਬੀਐੱਸਐੱਫ ਦੀ ਪੰਜਾਬ 'ਚ ਤਾਇਨਾਤੀ ਦੇ ਮਾਮਲੇ 'ਤੇ ਗੁਮਰਾਹ ਕਰਨ ਦੇ ਇਰਾਦੇ ਨਾਲ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਚੰਨੀ ਸਪਸ਼ਟ ਕਰਨ ਕਿ ਜੇਕਰ ਉਹ ਦਾਅਵੇ ਕਰਦੇ ਹਨ ਕਿ ਅਕਾਲੀ ਦਲ ਬੇਲੋੜਾ ਹੀ ਚਿੰਤਾ ਵਿਚ ਪਿਆ ਹੈ ਤਾਂ ਫਿਰ ਉਹ ਕੇਂਦਰ ਦੀ ਕਾਰਵਾਈ 'ਤੇ ਇਤਰਾਜ਼ ਕਿਉਂ ਪ੍ਰਗਟ ਕਰ ਰਹੇ ਹਨ।

ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਨੀ ਸਿਰਫ ਲੋਕਾਂ ਦੇ ਰੋਹ ਤੋਂ ਬਚਣ ਵਾਸਤੇ ਵਿਰੋਧ ਦਾ ਵਿਖਾਵਾ ਕਰ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਇਸ ਮਾਮਲੇ 'ਤੇ ਸਿਧਾਂਤਕ ਸਟੈਂਡ ਲਿਆ ਹੈ ਕਿ ਇਸ ਨਾਲ ਸੰਘਵਾਦ ਕਮਜ਼ੋਰ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਯ ਕਦਮ ਨਾਲ ਸਰਹੱਦੀ ਇਲਾਕਿਆਂ ਵਿਚ ਦਮਨਕਾਰੀ ਨੀਤੀਆਂ ਦਾ ਖਤਰਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨੁੰ ਹਮੇਸ਼ਾ ਫਿਰਕੁ ਲੀਹਾਂ 'ਤੇ ਵੰਡਿਆ ਹੈ। ਉੁਹਨਾਂ ਕਿਹਾ ਕਿ ਹੁਣ ਵੀ ਜੇਕਰ ਅਸੀਂ ਕੇਂਦਰ ਨੂੰ ਅੱਧੇ ਪੰਜਾਬ 'ਤੇ ਕੰਟਰੋਲ ਦੀ ਆਗਿਆ ਦੇਵਾਂਗੇ ਤਾਂ ਇਸ ਨਾਲ ਖਿੱਤੇ ਵਿਚ ਤਣਾਅ ਹੀ ਵਧੇਗਾ। ਮੁੱਖ ਮੰਤਰੀ ਨੂੰ ਮਾਮਲੇ ਦਾ ਖਤਰਾ ਘੱਟ ਦੱਸਣ ਦੀ ਥਾਂ ਇਸਦੀ ਗੰਭੀਰਤਾ ਸਮਝਣੀ ਚਾਹੀਦੀ ਹੈ।

ਇਸ ਦੌਰਾਨ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਹੋ ਰਹੇ ਪ੍ਰਦੂਸ਼ਣ ਦੇ ਅਸਲ ਕਾਰਨਾਂ 'ਤੇ ਝਾਤ ਮਾਰਨ ਦੀ ਥਾਂ ਪੰਜਾਬ ਦੀ ਬਦਨਾਮੀ ਕਰਨ 'ਤੇ ਉਹਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਪੰਜਾਬ ਦੇ ਵਿਰੁੱਧ ਭੁਗਤੇ ਹੋਣ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰ ਕੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਵਕਾਲਤ ਕੀਤੀ ਸੀ।

ਜਦੋਂ ਉਹਨਾਂ ਤੋਂ ਨਵਜੋਤ ਸਿੱਧੂ ਵੱਲੋਂ ਆਪਣੇ ਅਸਤੀਫੇ ਦੇ ਮਾਮਲੇ ਵਿਚ ਪਲਟੀ ਮਾਰਨ ਬਾਰੇ ਪੁੱਿਛਆ ਗਿਆ ਤਾਂ ਬਾਦਲ ਨੇ ਕਿਹਾ ਕਿ ਸਿਧੂ ਆਪ ਪੰਜਾਬੀਆਂ ਨੂੰ ਦੱਸਣ ਕਿ ਹੁਣ ਉਹਨਾਂ ਦੇ ਸਿਧਾਂਤਾਂ ਦਾ ਕੀ ਹੋਇਆ। ਉਹਨਾਂ ਕਿਹਾ ਕਿ ਬਜਾਏ ਹਰ ਕੀਮਤ 'ਤੇ ਆਪਣੇ ਸਿਧਾਂਤਾਂ ਲਈ ਡਟਣ ਦੀ ਥਾਂ ਸਿੱਧੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਝਾੜ ਝੰਬ ਕੀਤੇ ਜਾਣ ਤੋਂ ਬਾਅਦ ਦਬਾਅ ਹੇਠ ਆ ਗਏ ਹਨ। ਬਾਦਲ ਜਿਹਨਾਂ ਦੇ ਨਾਲ ਸੀਨੀਅਰ ਆਗੂ ਡਾ. ਮਹਿੰਦਰ ਰਿਣਵਾ ਜੋ ਕਿ ਸ਼ਹਿਰ ਤੋਂ ਪਾਰਟੀ ਦੇ ਉਮੀਦਵਾਰ ਹਨ ਨੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਲਕੇ ਵਿਚ ਕੀਤੀ ਵਧੀਕੀ ਤੇ ਧੱਕੇਸ਼ਾਹੀ ਦਾ ਵੀ ਜ਼ਿਕਰ ਕੀਤਾ।

ਬਾਦਲ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ 'ਤੇ ਇਥੇ ਸਿੰਚਾਈ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਦੌਰੇ ਦੌਰਾਨ 'ਆਪ' ਦੇ ਫਾਜ਼ਿਲਕਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਰਿੰਦਰ ਸੰਘ ਖਾਲਸਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਡਾ. ਮਹਿੰਦਰ ਰਿਣਵਾ ਵੀ ਉਹਨਾਂ ਦੇ ਨਾਲ ਸਨ। ਬਾਦਲ ਡੇਰਾ ਬਾਬਾ ਭੂਮਣ ਸ਼ਾਹ ਮੰਦਿਰ ਖੁਹੀਆਂ ਸਰਵਰ ਵਿਖੇ ਵੀ ਗਏ ਤੇ ਉਹਨਾਂ ਨੇ ਸ਼ਹਿਰ ਦੇ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਗੁਜ਼ਰਦਿਆਂ ਸਰਕੁਲਰ ਰੋਡ ਵਿਖੇ ਸਮਾਪਤ ਹੋਏ ਪ੍ਰਭਾਵਸ਼ਾਲੀ ਰੋਡ ਸ਼ੌਅ ਵਿਚ ਵੀ ਸ਼ਮੂਲੀਅਤ ਕੀਤੀ।

ਬਾਅਦ ਵਿਚ ਉਹਨਾਂ ਦਾ ਫਾਜ਼ਿਲਕਾ ਵਿਖੇ ਨਿੱਘਾ ਸਵਾਗਤ ਹੋਇਆ। ਸੈਂਕੜੇ ਮੋਟਰ ਸਾਈਕਲਾਂ ਦੀ ਅਗਵਾਈ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਹੰਸ ਰਾਜ ਜੋਸਨ ਦੀ ਅਗਵਾਈ ਹੇਠ ਸ਼ਹਿਰ ਵਿਚ ਪਹੁੰਚੇ ਤੇ ਰੋਡ ਸ਼ੌਅ ਵੀ ਕੱਿਢਆ ਤੇ ਅਨੇਕਾਂ ਜਨਤਕ ਮੀਟਿੰਗਾਂ ਵੀ ਕੀਤੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਜ਼ਿਲਕਾ ਦੇ ਅਕਾਲੀ ਦਲ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਯੂਥ ਅਕਾਲੀ ਦਲ ਫਾਜ਼ਿਲਕਾ ਦੇ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਹਰਵਿੰਦਰ ਸਿੰਘ ਹੈਰੀ ਤੇ ਸਰਤਾਜਪ੍ਰਰੀਤ ਸਿੰਘ ਤਾਜੀ, ਐਸ ਓ ਆਈ ਮਾਲਵਾ ਜ਼ੋਨ 2 ਦੇ ਪ੍ਰਧਾਨ ਪ੍ਰਭਜੀਤ ਸਿੰਘ ਕਰਮੂਵਾਲਾ ਤੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ।