ਅਬੋਹਰ : ਇਕ ਪੁੱਤਰ ਨੇ ਪ੍ਰਾਪਰਟੀ ਲਈ ਰਿਸ਼ਤੇ ਦਾ ਖ਼ੂਨ ਕਰ ਦਿੱਤਾ। ਪੁੱਤਰ ਚਾਹੁੰਦਾ ਸੀ ਕਿ ਮਾਂ ਆਪਣੇ ਹਿੱਸੇ ਦੀ ਜ਼ਮੀਨ ਉਸ ਦੇ ਨਾਂ ਕਰ ਦੇਵੇ। ਮਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਪੁੱਤਰ ਨੇ ਆਪਣੀ ਇਕ ਮਹਿਲਾ ਮਿੱਤਰ ਨਾਲ ਮਿਲ ਕੇ ਮਾਂ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਆਪਣੇ ਦੋ ਭਰਾਵਾਂ ਤੇ ਇਕ ਹੋਰ ਵਿਅਕਤੀ 'ਤੇ ਵੀ ਹਮਲਾ ਕੀਤਾ, ਜਿਸ ਵਿਚ ਇਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਪਿੰਡ ਭੰਗਾਲਾ ਕਾਲੋਨੀ ਨਿਵਾਸੀ 70 ਸਾਲਾ ਔਰਤ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ 4 ਬੇਟੇ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਤੇ ਬਲਕਾਰ ਸਿੰਘ ਉਰਫ਼ ਕਾਲੀ ਹਨ। ਮ੍ਰਿਤਕਾ ਦੇ ਪੁੱਤਰ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਕਿਸਮ ਦਾ ਹੈ ਜਿਸ ਕਾਰਨ ਕਰੀਬ 7 ਸਾਲ ਪਹਿਲਾਂ ਥੇਹੜੀ ਪਿੰਡ ਨਿਵਾਸੀ ਉਸ ਦੀ ਪਤਨੀ ਮਨਪ੍ਰੀਤ ਕੌਰ ਉਸ ਨੂੰ ਛੱਡ ਗਈ ਸੀ ਜਿਸ ਤੋਂ ਬਾਅਦ ਬਲਕਾਰ ਸਿੰਘ ਨੇ ਬੱਲੂਆਣਾ ਨਿਵਾਸੀ ਇਕ ਔਰਤ ਅਮਰਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ।

ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੇ ਸਾਰਿਆਂ ਨੂੰ ਆਪੋ-ਆਪਣਾ ਹਿੱਸਾ ਵੰਡ ਕੇ ਦਿੱਤਾ ਹੋਇਆ ਹੈ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲ ਕੇ ਮਾਂ ਨੂੰ ਆਪਣੇ ਹਿੱਸਾ ਦਾ ਪਲਾਟ ਉਸ ਦੇ ਨਾਂ ਕਰਨ ਦਾ ਦਬਾਅ ਬਣਾਉਂਦੇ ਹੋਏ ਪਰੇਸ਼ਾਨ ਕਰਦਾ ਸੀ, ਜਦਕਿ ਉਸ ਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸ ਦੀ ਪਹਿਲੀ ਪਤਨੀ ਮਨਪ੍ਰੀਤ ਦੇ ਬੇਟੇ ਦੇ ਨਾਂ ਕਰੇਗੀ।

Posted By: Seema Anand