ਸਚਿਨ ਮਿੱਢਾ, ਜਲਾਲਾਬਾਦ : ਸਬ ਡਿਵੀਜ਼ਨ ਜਲਾਲਾਬਾਦ ਅਧੀਨ ਪੈਂਦੇ ਪਿੰਡ ਸੈਦੋਕਾ ’ਚ ਇਕ ਔਰਤ ਨੇ ਆਪਣੀ ਜੇਠਾਣੀ ਨਾਲ ਰੰਜਿਸ਼ ਕੱਢਣ ਲਈ ਤਿੰਨ ਮਹੀਨਿਆਂ ਦੀ ਬੱਚੀ ਨੂੰ ਬੜੀ ਬੇਰਹਿਮੀ ਨਾਲ ਮਿੱਟੀ ’ਚ ਦੱਬ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪੁਰਾਣੀ ਫਲੱਸ਼ ਵਾਲੀ ਖੂਈ ’ਚ ਸੁੱਟ ਦਿੱਤਾ।

ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਮੁਲਜ਼ਮ ਸੁਖਪ੍ਰੀਤ ਪਤਨੀ ਬਲਵੀਰ ਸਿੰਘ ਨੂੰ ਗਿ੍ਫ਼ਤਾਰ ਕਰਨ ਲਿਆ ਹੈ ਅਤੇ ਔਰਤ ਨੇ ਵੀ ਆਪਣਾ ਗੁਨਾਹ ਕਬੂਲ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਕੱਲ੍ਹ ਬੁੱਧਵਾਰ ਨੂੰ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਗਈ ਸੀ ਅਤੇ ਆਪਣੀ ਤਿੰਨ ਮਹੀਨੇ ਦੀ ਬੇਟੀ ਮਹਿਕਪ੍ਰੀਤ ਨੂੰ ਗੁਆਂਢੀਆਂ ਘਰ ਛੱਡ ਗਈ ਸੀ । ਉਸ ਨੇ ਦੱਸਿਆ ਕਿ ਮੇਰੀ ਗੈਰ ਮੌਜੂਦਗੀ ਦਾ ਫਾਇਦਾ ਉਠਾ ਕੇ ਮੇਰੀ ਦਰਾਣੀ ਸੁਖਪ੍ਰੀਤ ਕੌਰ ਨੇ ਮੇਰੇ ਬੇਟੇ ਨੂੰ ਭੇਜ ਕੇ ਗੁਆਂਢੀਆਂ ਘਰੋਂ ਬੱਚੀ ਨੂੰ ਮੰਗਵਾਇਆ ਅਤੇ ਉਸ ਨੂੰ ਜ਼ਿੰਦਾ ਜ਼ਮੀਨ ’ਚ ਦੱਬ ਦਿੱਤਾ। ਅਸੀਂ ਸਾਰਾ ਦਿਨ ਬੱਚੀ ਭਾਲ ਅੰਦਰ ਰਹੇ ਪ੍ਰੰਤੂ ਬੱਚੀ ਨਾ ਮਿਲੀ ਅਤੇ ਅੱਜ ਸਵੇਰੇ ਸੁਖਪ੍ਰੀਤ ਕੌਰ ਨੇ ਹੀ ਆ ਕੇ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ’ਚ ਪਈ ਹੈ। ਥਾਣਾ ਅਮੀਰ ਖ਼ਾਸ ਪੁਲਿਸ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪਤਨੀ ਦੇਵੀ ਲਾਲ ਨਾਲ ਉਸਦੀ ਦਰਾਣੀ ਨਾਲ ਪਿਛਲੇ ਸਮੇਂ ਤੋਂ ਝਗੜਾ ਚੱਲਦਾ ਰਿਹਾ ਸੀ ਅਤੇ ਦੋਸ਼ੀ ਔਰਤ ਕੋਲੋਂ ਕਿਸੇ ਨਾਲ ਗੱਲਬਾਤ ਕਾਰਨ ਉਸਦੇ ਪਤੀ ਨੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਸੀ। ਇਸੇ ਰੰਜਿਸ਼ ਕਾਰਨ ਉਸਨੇ ਆਪਣੀ ਤਿੰਨ ਮਹੀਨਿਆਂ ਦੀ ਭਤੀਜੀ ਮਹਿਕਦੀਪ ਕੌਰ ਨੂੰ ਪਹਿਲਾਂ ਤਾਂ ਮਿੱਟੀ ’ਚ ਦੱਬਿਆ ਤੇ ਮੌਤ ਤੋਂ ਬਾਅਦ ਫਲੱਸ਼ ਵਾਲੀ ਪੁਰਾਣੀ ਖੂਈ ’ਚ ਸੁੱਟ ਦਿੱਤਾ।

ਉਧਰ ਦੂਜੇ ਪਾਸੇ ਸ਼ਿਕਾਇਤਕਰਤਾ ਦਾ ਪਰਿਵਾਰ ਪਹਿਲਾਂ ਤਾਂ ਬੱਚੀ ਨੂੰ ਲੱਭਦਾ ਰਿਹਾ ਹੈ ਪਰ ਉਦੋਂ ਔਰਤ ਨੇ ਕੋਈ ਗੱਲ ਨਹੀਂ ਕਬੂਲੀ ਪਰ ਅਗਲੇ ਦਿਨ ਉਸਨੇ ਆਪ ਹੀ ਦੱਸਿਆ ਕਿ ਬੱਚੀ ਦੀਆਂ ਲੱਤਾਂ ਫਲੱਸ਼ ’ਚ ਨਜ਼ਰ ਆ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਸ਼ੱਕ ਹੋਇਆ ਕਿਉਂਕਿ ਪਹਿਲੇ ਦਿਨ ਬੱਚੀ ਫਲੱਸ਼ ’ਚ ਨਹੀਂ ਸੀ ਅਤੇ ਦੂਜੇ ਦਿਨ ਉਸਦੀ ਲਾਸ਼ ਕਿਸੇ ਫਲੱਸ਼ ਵਿੱਚ ਚਲੀ ਗਈ।

ਇਸ ਤੋਂ ਬਾਅਦ ਜਦ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਗੁਨਾਹ ਕਬੂਲ ਲਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਕੌਰ ਦੇ ਬਿਆਨਾਂ 'ਤੇ ਦੋਸ਼ੀ ਔਰਤ ਖ਼ਿਲਾਫ਼ ਧਾਰਾ 302 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

Posted By: Jagjit Singh