ਹਰਜੀਤ ਸਿੰਘ, ਫਾਜ਼ਿਲਕਾ: ਭਾਂਵੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਦੀਆਂ ਗੱਲਾਂ ਹੋ ਰਹੀਆਂ ਹਨ। ਦੇਸ਼ ਨੂੰ ਡਿਜਿਟਲ ਇੰਡੀਆਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਅਜੇ ਤੱਕ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਜਿਸ ਕਾਰਨ ਅਜੇ ਤਕ ਵੀ ਲੋਕ ਗੰਧਲਿਆ ਪਾਣੀ ਪੀਣ ਲਈ ਮਜਬੂਰ ਹਨ। ਗੱਲ ਕਰੀਏ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੁਰਜ਼ ਵਾਲੀ ਵਿਚ ਪਿਛਲੇ ਦੋ ਦਹਾਕਿਆਂ ਤੋਂ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ।

ਪੰਜਾਬੀ ਜਾਗਰਣ ਦੀ ਟੀਮ ਵੱਲੋਂ ਸੁਖਵਿੰਦਰ ਥਿੰਦ, ਅਤੇ ਹਰਜੀਤ ਸਿੰਘ ਨੇ ਪਿੰਡ ਬੁਰਜ਼ ਵਾਲੀ ਦੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜੇ ਤਕ ਵਾਟਰ ਵਰਕਸ ਦਾ ਨਿਰਮਾਣ ਨਹੀਂ ਹੋ ਸਕਿਆ, ਜ਼ਿੰਦਗੀ ਜਿਉਣ ਲਈ ਸਭ ਤੋਂ ਅਹਿਮ ਪਾਣੀ ਹੈ। ਜਿਸ ਦੀ ਹਰ ਕਿਸੇ ਨੂੰ ਲੋੜ ਹੁੰਦੀ ਹੈ ਅਤੇ ਜੇਕਰ ਇਹ ਪਾਣੀ ਸ਼ੁੱਧ ਅਤੇ ਸਾਫ਼ ਨਾ ਮਿਲੇ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ। ਪਿੰਡ ਬੁਰਜ਼ ਵਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਧਰਤੀ ਹੇਠਲੇ ਗੰਧਲੇ ਅਤੇ ਰਸਾਇਣਾਂ ਮਿਲੇ ਪਾਣੀ ਉਪਰ ਨਿਰਭਰ ਹੋਣਾ ਪੈਂਦਾ ਹੈ। ਬੱਚੇ ਸਮੇਤ ਜਵਾਨ ਰਹੇੜੀਆਂ ਤੇ ਮੋਟਰਸਾਈਕਲਾਂ ਉਪਰ ਪਾਣੀ ਢੋਣ ਲੱਗ ਜਾਂਦੇ ਹਨ। ਉਥੇ ਹੀ ਇਸ ਪਿੰਡ ਦੇ ਲੋਕ ਸਵੇਰੇ ਘੜੇ, ਕੈਨੀਆਂ ਅਤੇ ਵਾਟਰ ਕੂਲਰ ਆਪਣੇ ਰਹੇੜਿਆਂ ਅਤੇ ਮੋਟਰਸਾਈਕਲਾਂ ਉਪਰ ਲੈ ਕੇ ਜਾਂਦੇ ਹਨ। ਪਾਣੀ ਢੋਣ ਨਾਲ ਇੰਨ੍ਹਾਂ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ।

ਪਿੰਡ ਵਾਸੀ ਦੇਸ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਜਸ਼ਨ ਦੀਪ, ਵੰਸ਼ ਸਿੰਘ, ਸ਼ਿਲਪਾ ਰਾਣੀ, ਪ੍ਰਕਾਸ਼ ਕੌਰ, ਮਿੰਦੋਂ ਬਾਈ, ਸਪਨਾ ਕੌਰ, ਰਾਣੋ ਬਾਈ, ਪੂਜਾ ਜਾਣੀ, ਸਿੱਤੋਂ ਬਾਈ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬੁਰਜ਼ ਵਾਲੀ ਵਿਚ ਧਰਤੀ ਹੇਠਲਾ ਪਾਣੀ ਵੀ ਮਾੜਾ ਹੈ, ਜੋ ਕਿ ਪੀਣ ਯੋਗ ਨਹੀਂ ਹੈ। ਇਸ ਪਿੰਡ ਉਪਰ ਇਸ ਤੋਂ ਪਹਿਲਾਂ ਦੀ ਅਕਾਲੀ ਭਾਜਪਾ ਸਰਕਾਰ ਦੀ ਵੀ ਸਵੱਲੀ ਨਜ਼ਰ ਨਹੀਂ ਪਈ। ਹੁਣ ਕਾਂਗਰਸ ਸਰਕਾਰ ਵੀ ਕੁੱਝ ਨਹੀ ਕਰ ਰਹੀ। ਜਿਸ ਕਾਰਨ ਇਸ ਪਿੰਡ ਵਿਚ ਕੋਈ ਆਰਓ ਪਲਾਂਟ ਵੀ ਨਹੀਂ ਲੱਗਿਆ। ਪੀਣ ਵਾਲੇ ਪਾਣੀ ਦੀ ਘਾਟ ਇਸ ਕਾਬਲ ਇੰਨ੍ਹਾਂ ਲੋਕਾਂ ਦੇ ਜੀਅ ਦਾ ਜੰਜਾਲ ਬਣੀ ਹੈ ਕਿ ਪਸ਼ੂਆਂ ਲਈ ਵੀ ਪੀਣ ਵਾਲਾ ਪਾਣੀ ਇੰਨ੍ਹਾਂ ਲੋਕਾਂ ਨੂੰ 3 ਕਿਲੋਮਿਟਰ ਦੀ ਦੂਰੋ ਲਿਆਉਣਾ ਪੈਂਦਾ ਹੈ। ਪਿੰਡ ਵਿਚ ਪਾਣੀ ਦੀ ਇਹ ਤਰਾਸਦੀ ਦੇਖਣ ਨੂੰ ਮਿਲ ਰਹੀ ਹੈ। ਅਤੇ ਹੁਣ ਗੰਦਾ ਪਾਣੀ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈਣ ਲੱਗਿਆ ਹੈ। ਜਿਸ ਕਾਰਨ ਪਿੰਡ ਵਾਸੀਆਂ ਵਿਚ ਦੰਦਾਂ, ਹੱਡੀਆਂ ਦਾ ਖੁਰਨਾ ਅਤੇ ਵਾਲ ਝੜਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਹਨ।

ਜਿਸ ਦਿਨ ਵਾਟਰ ਵਰਕਸ ਬਣਿਆ ਖੁਸ਼ੀ ਤਾਂ ਹੋਵੇਗੀ

ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੱਮਸਿਆ ਸੁਣੀ ਗਈ ਅਤੇ ਪਿੰਡ ਵਿਚ ਕੋਈ ਵਾਟਰ ਵਰਕਸ ਲੱਗ ਗਿਆ ਤਾਂ ਫਿਰ ਖੁਸ਼ੀ ਤਾਂ ਹੋਵੇਗੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਢੋਅ ਢੋਅ ਕੇ ਉਹ ਥੱਕ ਗਏ ਹਨ। ਜਿਸ ਕਾਰਨ ਉਨ੍ਹਾਂ ਨੂੰ ਕਈ ਤਰਾਸਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੱਸ ਸਟੈਂਡ ਤਾਂ ਹੈ ਪਰ ਬੱਸ ਨਹੀ

ਜਦੋਂ ਪਿੰਡ ਦੀ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਪਿੰਡ ਤੋਂ 10 ਕਿਲੋਮਿਟਰ ਦੂਰ ਹੈ ਅਤੇ ਉਨ੍ਹਾਂ ਦੇ ਆਉਣ ਜਾਣ ਵਾਸਤੇ ਬੱਸ ਦਾ ਪ੍ਰਬੰਧ ਨਹੀ ਹੈ। ਕਾਲਜ ਆਉਣ ਜਾਣ ਵਾਸਤੇ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾ ਤਾਂ ਬੱਸ ਚਲਦੀ ਸੀ, ਪਰ ਅੱਜ ਦੇ ਸਮੇਂ ਵਿਚ ਬੱਸ ਨਹੀਂ ਚਲਦੀ।

ਕਿ ਕਹਿਣਾ ਹੈ। ਐਸੱਡੀ ਦਾ

ਜਦੋਂ ਇਸ ਸਬੰਧੀ ਵਿਭਾਗ ਦੇ ਐੱਸਡੀ ਨਰਿੰਦਰਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਉਨ੍ਹਾਂ ਨੂੰ ਮਤਾ ਪਾ ਕੇ ਦਿੱਤਾ ਜਾਵੇ, ਫਿਰ ਹੀ ਇਸ ਸਮੱਸਿਆਂ ਦਾ ਹੱਲ ਕੱਢਿਆ ਜਾਵੇਗਾ।

Posted By: Akash Deep