ਸਚਿਨ ਮਿੱਢਾ, ਜਲਾਲਾਬਾਦ : ਸ਼ਹਿਰ ਦੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਬਾਅਦ ਦੁਪਿਹਰ ਫਲਾਈਓਵਰ ਦੇ ਕੋਲ ਤੇਲ ਨਾਲ ਭਰੇ ਕੈਂਟਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਮਿ੍ਤਕ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਵਾਂ ਮੋਹਕਮ ਵਾਲੀ ਵਜੋਂ ਹੋਈ ਹੈ। ਉਧਰ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੇ ਕੈਂਟਰ ਨੂੰ ਭਜਾ ਕੇ ਲੈ ਗਿਆ ਪਰ ਫਲਾਈਓਵਰ ਨੂੰ ਕ੍ਰਾਸ ਕਰਨ ਤੋਂ ਬਾਅਦ ਉਕਤ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਿ੍ਤਕ ਕਸ਼ਮੀਰ ਸਿੰਘ (55) ਦਾ ਪਰਿਵਾਰ ਕਿਸੇ ਵਿਆਹ ਸਮਾਗਮ 'ਚ ਜਲਾਲਾਬਾਦ ਆਇਆ ਹੋਇਆ ਸੀ ਅਤੇ ਕਸ਼ਮੀਰ ਸਿੰਘ ਵੀ ਸ਼ਹਿਰ 'ਚ ਉਸੇ ਵਿਆਹ ਸਮਾਗਮ 'ਚ ਜਾਣ ਲਈ ਘਰ ਤੋਂ ਆਪਣੇ ਮੋਟਰਸਾਈਕਲ ਨੰਬਰ ਪੀਬੀ-08ਈਜੀ-1244 ਰਾਹੀਂ ਨਿਕਲਿਆ ਅਤੇ ਰਸਤੇ 'ਚ ਬਾਅਦ ਦੁਪਿਹਰ ਕਰੀਬ ਇਕ ਵਜੇ ਫਲਾਈਓਵਰ ਨਜ਼ਦੀਕ ਪੈਂਦੇ ਪੈਟੋ੍ਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਜਿਵੇ ਹੀ ਉਹ ਸੜਕ ਤੇ ਚੜਿਆ ਤਾਂ ਪਿੱਛੋਂ ਤੇਲ ਨਾਲ ਭਰੇ ਕੈਂਟਰ ਨੰਬਰ ਪੀਬੀ06 ਏਜੇ 4108 ਨੇ ਮੋਟਰਸਾਇਕਲ ਸਵਾਰ ਨੂੰ ਟੱਕਰ ਮਾਰ ਦਿੱਤੀ । ਇਸ ਘਟਨਾ 'ਚ ਕਸ਼ਮੀਰ ਸਿੰਘ ਦਾ ਸਿਰ ਕੈਂਟਰ ਦੇ ਟਾਇਰ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੇ ਚਾਰ ਬੱਚੇ ਦੋ ਬੇਟੇ ਅਤੇ ਦੋ ਬੇਟੀਆਂ ਹਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀਸੀਆਰ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਤੇ ਉਨਾਂ ਨੇ ਪੁਰਾਣੀ ਚੁੰਗੀ ਨਜ਼ਦੀਕ ਕੈਂਟਰ ਨੂੰ ਕਾਬੂ ਕਰ ਲਿਆ।