ਤੇਜਿੰਦਰਪਾਲ ਸਿੰਘ ਖ਼ਾਲਸਾ,ਫ਼ਾਜ਼ਿਲਕਾ : ਨੈਸ਼ਨਲ ਗ੍ਰੀਨ ਟਿ੍ਬਿਊਨਲ ਵੱਲੋਂ ਚੇਅਰਮੈਨ ਜਸਟਿਸ ਜਸਬੀਰ ਸਿੰਘ ਰਿਟਾ: ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਚੇਅਰਮੈਨਸ਼ਿਪ ਵਿਚ ਗਠਿਤ ਨਿਗਰਾਨ ਕਮੇਟੀ ਵੱਲੋਂ ਫਾਜ਼ਿਲਕਾ ਦੌਰੇ ਦੌਰਾਨ ਫਾਜ਼ਿਲਕਾ ਦੇ ਇਤਿਹਾਸਕਾਰ ਲੱਛਮਣ ਦੋਸਤ, ਉਨਾਂ੍ਹ ਦੀ ਪਤਨੀ ਅਤੇ ਦੋ ਧੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਲੱਛਮਣ ਦੋਸਤ ਦੇ ਪਰਿਵਾਰ ਵੱਲੋਂ ਕੰਧ ਚਿੱਤਰਾਂ ਰਾਹੀਂ ਚੌਗਿਰਦੇ ਦੀ ਸੰਭਾਲ ਲਈ ਫੈਲਾਈ ਜਾ ਰਹੀ ਜਾਗਰੂਕਤਾ ਲਈ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਲੱਛਮਣ ਦੋਸਤ ਤੇ ਉਸਦੀਆਂ ਧੀਆਂ ਵੱਲੋਂ ਜ਼ਿਲ੍ਹੇ ਵਿਚ ਆਪਣੀ ਕੰਧ ਚਿੱਤਰਕਾਰੀ ਨਾਲ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਤੇ ਇੰਨਾਂ੍ਹ ਵੱਲੋਂ ਆਪਣੇ ਸ਼ਹਿਰ ਦੀ ਸਵੱਛਤਾ ਲਈ ਜਿਸ ਤਰ੍ਹਾਂ ਕੰਮ ਕੀਤਾ ਗਿਆ ਹੈ ਹੋਰਨਾਂ ਨਾਗਰਿਕਾਂ ਨੂੰ ਵੀ ਉ੍ਹਨਾਂ ਤੋਂ ਪੇ੍ਰਰਣਾ ਲੈ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਲੱਛਮਣ ਦੋਸਤ ਨੇ ਆਪਣੀ ਪਤਨੀ ਸੰਤੋਸ਼ ਚੌਧਰੀ ਅਤੇ ਦੋਹਾਂ ਧੀਆਂ ਤੰਮਨਾ ਅਤੇ ਜੰਨਤ ਕੰਬੋਜ ਨਾਲ ਮਿਲ ਕੇ ਕੁਝ ਵਰਿ੍ਹਆਂ ਤੋਂ ਫਾਜ਼ਿਲਕਾ ਦੀਆਂ ਪ੍ਰਮੁੱਖ ਜਨਤਕ ਥਾਵਾਂ ਨੂੰ ਕੰਧ ਚਿੱਤਰਾਂ ਨਾਲ ਸਾਫ ਸੁਥਰਾ ਕਰਨ ਦਾ ਬੀੜ੍ਹਾ ਚੁੱਕਿਆ ਹੋਇਆ ਹੈ।

ਉਸਦੀ ਬੇਟੀ ਦਸਦੀ ਹੈ ਕਿ ਉਨਾਂ੍ਹ ਆਪਣੀ ਗੱਲੀ ਵਿਚ ਪੌਦੇ ਲਗਾਏ ਪਰ ਜਦ ਪੌਦੇ ਕੁਝ ਵੱਡੇ ਹੋਏ ਤਾਂ ਲੋਕਾਂ ਨੇ ਉਥੇ ਕੁੜਾਂ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਨਾਂ੍ਹ ਨੇ ਉਨਾਂ੍ਹ ਪੌਦਿਆਂ ਤੇ ਚਿੱਤਕਾਰੀ ਕਰ ਦਿੱਤੀ ਜਿਸ ਨਾਲ ਇਹ ਰੁਝਾਨ ਘੱਟਿਆ। ਫਿਰ ਉਨਾਂ੍ਹ ਨੇ ਇਹ ਪ੍ਰਯੋਗ ਸ਼ਹਿਰ ਦੀ ਹੋਰ ਪ੍ਰਮੁੱਖ ਥਾਂਵਾਂ ਜਿਵੇਂ ਪ੍ਰਤਾਪ ਬਾਗ ਵਿਚ ਵੀ ਕੀਤਾ ਤਾਂ ਇਸਦੇ ਚੰਗੇ ਨਤੀਜੇ ਨਿਕਲੇ ਕਿਉਂਕਿ ਸਾਫ ਸੁਥਰੀ ਥਾਂ ਤੇ ਲੋਕਾਂ ਨੂੰ ਵੀ ਕੂੜਾ ਸੁਟਦਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਹ ਪਰਿਵਾਰ ਹੁਣ ਤੱਕ ਹਿੰਦ ਪਾਕਿ ਸਰਹੱਦ ਦੇ ਬਣੀ ਚੌਕੀ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਂਵਾਂ ਤੇ ਚਿੱਤਕਾਰੀ ਕਰ ਚੁੱਕਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੰਧ ਚਿੱਤਰਕਾਰੀ ਲਈ ਵੀ ਇਸ ਪਰਿਵਾਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਡੀਡੀਪੀਓ ਸੁਖਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਰਾਜੀਵ ਗੋਇਲ, ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।