ਸੁਖਵਿੰਦਰ ਥਿੰਦ ਫਾਜ਼ਿਲਕਾ : ਅਬੋਹਰ ਦੇ ਸਥਾਨਕ ਸਰਕੁਲਰ ਰੋਡ ਗਲੀ ਨੰਬਰ 6 ਵਿਖੇ ਇਕ ਸਵੀਟ ਹਾਊਸ ਸੰਚਾਲਕ ਦੀ ਧੀ ਬੁੱਧਵਾਰ ਨੂੰ ਕਰੰਟ ਲੱਗਣ ਨਾਲ ਮੌਤ ਦੇ ਮੂੰਹ 'ਚ ਚਲੀ ਗਈ। ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪੂਰੇ ਮੁਹੱਲੇ 'ਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਮੁਤਾਬਕ ਲਕਸ਼ਮੀ ਸਵੀਟ ਹਾਊਸ ਦੇ ਸੰਚਾਲਕ ਭੂਪਿੰਦਰ ਦੀ ਕਰੀਬ 6 ਸਾਲਾ ਧੀ ਗਾਇਤਰੀ ਉਰਫ ਫੇਅਰੀ ਜੋ ਇਕ ਨਿੱਜੀ ਸਕੂਲ ਵਿਚ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਅੱਜ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਖੇਡਦੇ-ਖੇਡਦੇ ਉਸ ਦੇ ਹੱਥ 'ਚ ਮੌਜੂਦ ਇਕ ਲੋਹੇ ਦੀ ਤਾਰ ਛੱਤ ਦੇ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਨੂੰ ਲੱਗ ਗਈ, ਜਿਸ ਕਾਰਨ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਸੁਣ ਕੇ ਪਰਿਵਾਰ ਵਾਲਿਆਂ ਨੇ ਛੱਤ 'ਤੇ ਜਾਕੇ ਵੇਖਿਆ ਤਾਂ ਉਹ ਬੇਹੋਸ਼ ਪਈ ਸੀ। ਬੱਚੀ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮੁਹੱਲੇ ਦੇ ਲੋਕ ਬਿਜਲੀ ਵਿਭਾਗ ਨੂੰ ਕੋਸਦੇ ਹੋਏ ਨਜ਼ਰ ਆਏ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਆਏ ਦਿਨ ਲੋਕਾਂ ਤੇ ਸ਼ਹਿਰ 'ਚ ਘੁੰਮਦੇ ਬੇਸਹਾਰਾ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਬਿਜਲੀ ਮੀਟਰ ਬਕਸੇ ਇੰਨੇ ਹੇਠਾਂ ਲੱਗੇ ਹਨ ਕਿ ਅਕਸਰ ਮੀਂਹ ਦੇ ਦਿਨਾਂ 'ਚ ਉਨ੍ਹਾਂ 'ਚ ਕਰੰਟ ਆਉਂਦਾ ਰਹਿੰਦਾ ਹੈ।

Posted By: Jagjit Singh