ਸੁਖਵਿੰਦਰ ਥਿੰਦ, ਫਾਜ਼ਿਲਕਾ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਆਪਣੇ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਦੌਰਾਨ ਮਹਿਲਾ ਸਟਾਫ਼ ਨੂੰ ਦੁਪੱਟਾ ਲੈ ਕੇ ਆਉਣ ਦੀ ਹਦਾਇਤ ਜਾਰੀ ਕੀਤੀ ਹੈ। ਇਹ ਹਦਾਇਤ ਇਸ ਤੋਂ ਇਲਾਵਾ ਹੋਰਨਾਂ ਦਫ਼ਤਰਾਂ ਨੂੰ ਵੀ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਜੇ ਕੋਈ ਵੀ ਕਰਮਚਾਰੀ ਇਸ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਵੇਖਣ 'ਚ ਆਇਆ ਹੈ ਕਿ ਦਫ਼ਤਰੀ ਸਮੇਂ ਦੌਰਾਨ ਪੁਰਸ਼ ਟੀ-ਸ਼ਰਟ ਤੇ ਮਹਿਲਾ ਕਰਮਚਾਰੀ ਬਿਨਾਂ ਦੁੱਪਟੇ ਤੋਂ ਦਫ਼ਤਰ ਆਉਂਦੀਆਂ ਹਨ। ਇਸ ਲਈ ਸਮੂਹ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਟੀ ਸ਼ਰਟ ਪਾ ਕੇ ਤੇ ਮਹਿਲਾ ਕਰਮਚਾਰੀ ਬਿਨਾਂ ਦੁਪਟੇ ਦੇ ਦਫ਼ਤਰ ਨਾ ਆਉਣ। ਜੇਕਰ ਇਸ ਤਰ੍ਹਾਂ ਕੋਈ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕਈ ਵਾਰ ਸਕੂਲਾਂ ਲਈ ਵੀ ਡਰੈੱਸ ਕੋਡ ਜਾਰੀ ਹੋਏ ਸਨ। ਜਿਸ 'ਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ 'ਚ ਮਹਿਲਾ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਸਮੇਂ ਦੇ ਨਾਲ-ਨਾਲ ਇਹ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ।

Posted By: Amita Verma