ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ

ਨਰਮੇ ਦੇ ਵੱਧ ਰੇਟ ਨੇ ਕਾਸ਼ਤਕਾਰਾਂ ਨੂੰ ਇਸ ਦੀ ਬਿਜਾਈ ਵੱਲ ਆਕਰਸ਼ਿਤ ਕੀਤਾ ਅਤੇ ਕਾਸ਼ਤਕਾਰਾਂ ਵੱਲੋਂ ਇਲਾਕੇ ਵਿੱਚ ਨਰਮੇ ਦੀ ਬਿਜਾਈ ਵਿੱਚ ਵੱਧ ਤੋਂ ਵੱਧ ਕੀਤੀ ਗਈ। ਜਿੱਥੇ ਕਿਸਾਨ ਇਸ ਚਿੱਟੇ ਸੋਨੇ ਨੂੰ ਬੀਜ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੁੰਦਾ ਸੀ ਉੱਥੇ ਹੀ ਵੱਧ ਰਹੀਆਂ ਬਿਮਾਰੀਆਂ ਨੇ ਉਸ ਦੇ ਮੱਥੇ ਉੱਪਰ ਚਿੰਤਾ ਦੀਆਂ ਲਕੀਰਾਂ ਲਿਆ ਦਿੱਤੀਆਂ। ਇਸ ਬਾਰੇ ਜਾਣਕਾਰੀ ਦਿੰਦੇ ਸਤਨਾਮ ਸਿੰਘ ਪਿੰਡ ਕੰਧ ਵਾਲਾ ਦੇ ਦੱਸਿਆ ਕਿ ਨਰਮੇ ਨੂੰ ਖੁਸ਼ਕ ਬੰਦਰਗਾਹ ਦਾ ਚਿੱਟਾ ਸੋਨਾ ਕਿਹਾ ਜਾਂਦਾ ਹੈ। ਜਿੱਥੇ ਪਿਛਲੇ ਸਾਲ ਕਿਸਾਨਾਂ 12000/-ਰੁਪੈ ਪ੍ਰਤੀ ਕੁਇੰਟਲ ਵੇਚ ਕੇ ਆਉਣ ਵਾਲੇ ਸਮੇਂ ਵਿੱਚ ਖੁਸ਼ਹਾਲ ਬਣਾਉਣ ਬਾਰੇ ਸੋਚੀ ਬੈਠਾ ਸੀ ਪਰ ਨਰਮੇ ਵਿੱਚ ਆਏ ਚਿੱਟੇ ਮੱਛਰ ਦੇ ਨਾ ਕਾਬੂ ਪਾਏ ਜਾਣ ਕਰਕੇ ਉਸ ਦੀਆਂ ਛਾਵਾਂ ਪੂਰੀਆਂ ਨਹੀਂ ਹੋ ਰਹੀਆਂ ਲੱਗਦੀਆਂ ਕਿਸਾਨ ਵੱਲੋਂ ਇਸ ਸਮੇਂ ਮਹਿੰਗੀਆਂ ਸਪ੍ਰਰੈਆਂ ਕਰਕੇ ਆਪਣੇ ਨਰਮੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੈ। ਇੱਥੇ ਹੀ ਇਨਾਂ੍ਹ ਵੱਲੋਂ ਇੱਕ ਹੋਰ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜਿਹੜੇ ਨਰਮੇ ਦੀ ਬਿਜਾਈ ਅਗੇਤੀ ਹੋਈ ਹੈ ਉਸ ਨਰਮੇ ਵਿੱਚ ਚਿੱਟੇ ਮੱਛਰ ਦਾ ਹਮਲਾ ਘੱਟ ਹੈ ਅਤੇ ਨਰਮੇ ਦੀ ਬਿਜਾਈ ਪਿਛੇਤੀ ਹੋਈ ਹੈ ਉੱਥੇ ਚਿੱਟੇ ਮੱਛਰ ਦਾ ਹਮਲਾ ਜਿਆਦਾ ਹੈ। ਜੋਕਿ ਸਪ੍ਰਰੈਆਂ ਕਰਨ ਤੋਂ ਬਾਅਦ ਵੀ ਉਸ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਇਸ ਲਈ ਪਿਛੇਤੀ ਬਿਜਾਈ ਲਈ ਉਨਾਂ੍ਹ ਸਿਧੋ ਸਿਧੀ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ ਕਿ ਨਹਿਰਾਂ ਵਿੱਚ ਪਾਣੀ ਲੇਟ ਆਉਣ ਕਰਕੇ ਕਿਸਾਨ ਅਗੇਤੀ ਬਿਜਾਈ ਨਹੀਂ ਕਰ ਸਕੇ ਅਤੇ ਅੱਜ ਚਿੱਟੇ ਮੱਛਰ ਦੇ ਹਮਲੇ ਕਰਕੇ ਚਿੰਤਾ ਵਿੱਚ ਹਨ। ਇਸ ਬਾਰੇ ਗੱਲ ਕਰਦੇ ਜਲੰਧਰ ਸਿੰਘ ਪਿੰਡ ਟਾਹਲੀ ਵਾਲਾ ਜੱਟਾਂ ਨੇ ਕਿਹਾ ਬਾਰਿਸ਼ ਤੋਂ ਬਾਅਦ ਨਰਮਾ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਵਿੱਚ ਵਾਧਾ ਹੋਣਾ ਰੁੱਕ ਗਿਆ ਹੈ ਅਤੇ ਜਿਸ ਕਰਕੇ ਲਗਭਗ 30 ਤੋਂ 35 ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਸਪ੍ਰਰੈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਉਨਾਂ੍ਹ ਨੂੰ ਆਰਥਿਕ ਹਾਨੀ ਹੋਣੀ ਸ਼ੁਰੂ ਹੋ ਗਈ ਹੈ। ਉਨਾਂ੍ਹ ਕਿਹਾ ਖੇਤੀਬਾੜੀ ਵਿਭਾਗ ਦਾ ਕੋਈ ਵੀ ਨੁੰਮਾਇਦਾਂ ਕਿਸਾਨਾਂ ਨੂੰ ਸੇਧ ਦੇਣ ਲਈ ਨਹੀਂ ਪਹੁੰਚਿਆ ਬਲਕਿ ਨਿੱਜੀ ਕੰਪਨੀਆਂ ਦੇ ਨੁੰਮਾਇੰਦੇ ਭੋਲੇ ਭਾਲੇ ਕਿਸਾਨਾਂ ਨੂੰ ਸਪ੍ਰਰੈਆਂ ਦੀ ਭਰਮਾਰ ਕਰਵਾ ਰਹੇ ਹਨ। ਇਸ ਬਾਰੇ ਜਾਣਕਾਰੀ ਲੈਣ ਬਲਾਕ ਖੇਤੀਬਾੜੀ ਅਫਸਰ ਨੂੰ ਫੋਨ ਕੀਤਾ ਗਿਆ ਤਾਂ ਉਨਾਂ੍ਹ ਵੱਲੋਂ ਫੋਨ ਨਹੀਂ ਚੁੱਕਿਆ ਗਿਆ।