ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੇ ਪ੍ਰਗਟਾਇਆ ਰੋਸ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਵਲੋ ਦਫ਼ਤਰ ਮੂਹਰੇ ਲਾਇਆ ਧਰਨਾ
Publish Date: Fri, 25 Sep 2026 05:02 PM (IST)
Updated Date: Fri, 25 Sep 2026 05:03 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੇਂਡੂ ਜਲ ਸਪਲਾਈ ਸਕੀਮਾਂ ਤੇ ਫੀਲਡ ਵਿੱਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਜਲਾਲਾਬਾਦ ਵੱਲੋਂ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮਕੇ ਤੇ ਬ੍ਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇਵਾਲਾ ਦੀ ਅਗੁਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਸਬ-ਡਵਿਜਨ ਦਫਤਰ ਜਲਾਲਾਬਾਦ (ਗੁੰਮਾਨੀਵਾਲਾ) ਵਿਖੇ ਰੋਸ਼ ਧਰਨਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਸਰਕਲ ਸਕੱਤਰ ਜਸਵਿੰਦਰ ਸਿੰਘ ਚੱਕ ਜਾਨੀਸਰ, ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਨੂਰ ਸੁਮੰਦ, ਜਿਲ੍ਹਾ ਖਜਾਨਚੀ ਮਹਿੰਦਰ ਸਿੰਘ ਮੰਨੇਵਾਲਾ, ਦਫਤਰੀ ਸਟਾਫ ਤੋਂ ਸੁਖਚੈਨ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਵਰਕਰਾਂ ਵੱਲੋਂ ਵਾਟਰ ਸਪਲਾਈ ਸਕੀਮਾਂ ਤੇ ਰਿਪੇਅਰ ਦੇ ਕੰਮ ਕਰਵਾਉਣ ਲਈ ਪੱਲਿਓ ਲਗਾਏ ਪੈਸੇ ਤੁਰੰਤ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਾਨੂੰ ਜੋ ਵਿਭਾਗ ਵੱਲੋਂ ਸਾਡੀ ਡਿਊਟੀ ਲਗਾਈ ਹੋਈ ਹੈ, ਉਹ ਪੂਰੀ ਤਨਦੇਹੀ ਦੇ ਨਾਲ ਨਿਭਾਈ ਜਾਵੇਗੀ ਅਤੇ ਪਿੰਡਾਂ ਵਿੱਚ ਪਾਣੀ ਦੇ ਬਿੱਲ ਇਕੱਠੇ ਕਰਨ ਲਈ ਵਿਭਾਗੀ ਅਫਸਰਾਂ ਵੱਲੋਂ ਵਰਕਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਆ ਰਹੀ ਮੁਸ਼ਕਲ ਦਾ ਹੱਲ ਹੋ ਸਕੇ। ਇਸ ਦੌਰਾਨ ਯੂਨੀਅਨ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਰਿਪੇਅਰ ਦੇ ਕੰਮ ਕਰਵਾਉਣ ਲਈ ਵਰਕਰ ਆਪਣੇ ਪੱਲਿਓ ਪੈਸੇ ਨਾ ਲਗਾਏ ਅਤੇ ਇਸ ਸਬੰਧੀ ਮਹਿਕਮੇ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇ। ਇਸ ਧਰਨੇ ਦੇ ਦੌਰਾਨ ਯੂਨੀਅਨ ਦੇ ਆਗੂਆਂ ਨਾਲ ਜੇ.ਈ. ਸੁਖਵਿੰਦਰ ਸਿੰਘ ਵੱਲੋਂ ਮੀਟਿੰਗ ਕੀਤੀ ਗਈ ਅਤੇ ਜੇਈ ਵੱਲੋਂ ਇਹ ਕਿਹਾ ਕਿ ਰਿਪੇਅਰ ਦੇ ਕੰਮ ਕਰਵਾਉਣ ਲਈ ਹੁਣ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਵਿੱਤ ਕਮਿਸ਼ਨ ਅਧੀਨ ਗ੍ਰਾਂਟ ਭੇਜੀ ਜਾਂਦੀ ਹੈ ਅਤੇ ਇਸ ਲਈ ਵਾਟਰ ਸਪਲਾਈ ਸਕੀਮਾਂ ਤੇ ਰਿਪੇਅਰ ਦੇ ਕੰਮ ਕਰਵਾਉਣ ਲਈ ਸਰਪੰਚਾਂ ਨਾਲ ਤਾਲਮੇਲ ਕੀਤਾ ਜਾਵੇ ਅਤੇ ਲੋੜ ਪੈਣ ਤੇ ਸਾਡੇ ਵੱਲੋਂ ਐਸਟੀਮੈਂਟ ਤਿਆਰ ਕਰਕੇ ਸਬੰਧਤ ਪਿੰਡ ਦੀ ਪੰਚਾਇਤ ਨੂੰ ਭੇਜਿਆ ਜਾਵੇਗਾ।