ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ: ਸਾਈਬਰ ਕ੍ਰਾਈਮ ਤਹਿਤ ਮਸ਼ਹੂਰ ਹਸਤੀਆਂ ਆਦਿ ਦੇ ਸੋਸ਼ਲ ਮੀਡੀਆ ਅਕਾਊਂਟ ਹੈੱਕ ਕਰਕੇ ਲੋਕਾਂ ਨੂੰ ਬਲੈਕਮੇਲ ਕਰਨ ਅਤੇ ਪੈਸੇ ਆਦਿ ਮੰਗਣ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਹੀ ਇਕ ਨਵਾਂ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੈਕਰਜ਼ ਵੱਲੋਂ ਫਿਰੋਜ਼ਪੁਰ ਵਿਖੇ ਤਾਇਨਾਤ ਡੀਐੱਸਪੀ ਜਗਦੀਸ਼ ਕੁਮਾਰ ਦਾ ਫੇਸਬੁੱਕ ਅਕਾਉਂਟ ਹੈੱਕ ਕਰਕੇ ਮੈਸੰਜਰ ਰਾਹੀਂ ਫੇਸਬੁੱਕ ਫਰੈਂਡ ਨੂੰ ਤੁਰੰਤ 20 ਹਜ਼ਾਰ ਰੁਪਏ ਬੈਂਕ ਅਕਾਉਂਟ ’ਚ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ।

ਜ਼ਿਕਰਯੋਗ ਹੈ ਕਿ ‘ਜਗਦੀਸ਼ ਕੁਮਾਰ ਡੀ.ਐੱਸ.ਪੀ ਦੇ ਨਾਂਅ ’ਤੇ ਬਣੇ ਫੇਸਬੁੱਕ ਅਕਾਉਂਟ ਤੋਂ ਫੇਸਬੁੱਕ ਮੈਸੰਜਰ ਰਾਹੀਂ ਮੈਸਜ ਆਏ ਤੇ ਹਾਲ-ਚਾਲ ਪੁੱਛਣ ਉਪਰੰਤ ਯੈਸ ਬੈਂਕ ਦਾ ਅਕਾਉਂਟ ਨੰਬਰ 071278500000101 ਸਮੇਤ ਆਈ.ਐੱਫ.ਸੀ. ਕੋਡ ਭੇਜ ਕੇ ਅਕਾਊਂਟ ’ਚ ਤੁਰੰਤ 20 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ।

ਡੀਐੱਸਪੀ ਦੀ ਫੇਸਬੁੱਕ ਆਈਡੀ ਤੋਂ ਪੈਸੇ ਜਮ੍ਹਾਂ ਕਰਵਾਉਣ ਸਬੰਧੀ ਆਏ ਮੈਸੇਜ ਨੂੰ ਲੈ ਕੇ ਫੇਸਬੁੱਕ ਫਰੈਂਡ ਨੂੰ ਸ਼ੱਕ ਹੋਇਆ ਤੇ ਤੁਰੰਤ ਹੀ ਡੀਐੱਸਪੀ ਜਗਦੀਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਡੀਐੱਸਪੀ ਜਗਦੀਸ਼ ਕੁਮਾਰ ਨੇ ਕਿਹਾ ਕਿ ਹੈਕਰਜ਼ ਵੱਲੋਂ ਉਨ੍ਹਾਂ ਦੀ ਫੇਸਬੁੱਕ ਆਈਡੀ ਹੈੱਕ ਕਰਕੇ ਫੇਸਬੁੱਕ ਫਰੈਂਡਜ਼ ਨੂੰ ਮੈਸੇਜ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਧੋਖਾਧੜੀ ਹੈ ਤੇ ਇਸ ਸਬੰਧ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਹੈਕਰਜ਼ ਦਾ ਪਤਾ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਨਾਲ ਹੀ ਫੇਸਬੁੱਕ ਸੂਚੀ ’ਚ ਮੌਜੂਦ ਦੋਸਤਾਂ ਅਤੇ ਆਮ ਲੋਕਾਂ ਨੂੰ ਇਸ ਤਰ੍ਹਾਂ ਦੇ ਮੈਸੇਜਾਂ ਤੋਂ ਸੁਚੇਤ ਰਹਿਣ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਾਈਬਰ ਕ੍ਰਾਈਮ ਰਾਹੀਂ ਹੋਣ ਵਾਲੀ ਧੋਖਾਧੜੀ ਤੋਂ ਬਚਿਆ ਜਾ ਸਕੇ।

Posted By: Jagjit Singh