ਸਚਿਨ ਮਿੱਡਾ, ਜਲਾਲਾਬਾਦ

ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ਨੇੜੇ ਝੁੱਗੀ-ਝੌਂਪੜੀ ਵਾਲਿਆਂ ਦੀ ਸਥਾਨਕ ਸਬ-ਡਵੀਜ਼ਨ ਜਲਾਲਾਬਾਦ ਦੇ ਡੀ.ਐੱਸ.ਪੀ ਅਤੁਲ ਸੋਨੀ ਮਦਦ ਲਈ ਪਹੁੰਚੇ ਤੇ ਬੱਚਿਆਂ ਨੂੰ ਕੰਬਲ ਅਤੇ ਸ਼ਾਲ ਵੰਡੇ ਗਏ। ਡੀਐਸਪੀ ਸੋਨੀ ਨੇ ਦੱਸਿਆ ਕਿ ਅੱਜ ਵੀ ਦੇਸ਼ ਵਿੱਚ ਕਈ ਅਜਿਹੇ ਲੋਕ ਹਨ ਜਿਨਾਂ੍ਹ ਕੋਲ ਰਹਿਣ ਲਈ ਮਕਾਨ ਨਹੀਂ ਹੈ। ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਚਲਾਉਣ ਲਈ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਅਜਿਹੇ ਲੋਕਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਸੀਤ ਲਹਿਰ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ, ਅਸੀਂ ਤੇ ਤੁਸੀਂ ਇਸ ਕੜਾਕੇ ਦੀ ਠੰਡ ਤੋਂ ਬਹੁਤ ਪਰੇਸ਼ਾਨ ਹਾਂ, ਫਿਰ ਸੋਚੋ ਕਿ ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਨਾਂ੍ਹ ਦੇ ਸਿਰ 'ਤੇ ਛੱਤ ਨਹੀਂ ਹੈ, ਪਾਉਣ ਲਈ ਕੱਪੜੇ ਨਹੀਂ ਹਨ। ਇਸ ਮੌਕੇ ਡੀਐਸਪੀ ਅਤੁਲ ਸੋਨੀ ਨੇ ਹੋਰਨਾਂ ਨੂੰ ਵੀ ਉਕਤ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਡੀਐਸਪੀ ਅਤੁਲ ਸੋਨੀ ਆਪਣੇ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਹਨ ਅਤੇ ਅਕਸਰ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।