ਸੁਖਵਿੰਦਰ ਥਿੰਦ, ਫਾਜ਼ਿਲਕਾ : ਸਥਾਨਕ ਫਾਜ਼ਿਲਕਾ ਦੇ ਸੁਮੇਸ਼ ਗੁਪਤਾ ਦੀ ਬੇਟੀ ਡਾ. ਸਾਕਸ਼ੀ ਗੁਪਤਾ ਦੀ ਕੱਲ ਜੈਪੁਰ 'ਚ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਜਾਣਕਾਰੀ ਹੈ। ਖ਼ਬਰ ਮਿਲਦੇ ਹੀ ਮ੍ਰਿਤਕ ਦੇ ਘਰ 'ਚ ਸ਼ੋਕ ਦੀ ਲਹਿਰ ਦੌੜ ਗਈ । ਡਾ, ਸਾਕਸ਼ੀ ਗੁਪਤਾ ਦਾ ਇਸੇ ਸਾਲ ਜੈਪੁਰ ਵਿਚ ਇਕ ਮੈਡੀਕਲ ਕਾਲਜ 'ਚ ਐਮ.ਡੀ. 'ਚ ਦਾਖ਼ਲਾ ਹੋਇਆ ਸੀ ਅਤੇ ਉਹ ਕਾਲਜ ਦੇ ਇਕ ਹੋਸਟਲ 'ਚ ਰਹਿ ਰਹੀ ਸੀ । ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੜ੍ਹਾਈ 'ਚ ਹੋਣਹਾਰ ਡਾ. ਸਾਕਸ਼ੀ ਗੁਪਤਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤਨਾਅ ਤੋਂ ਲੰਘ ਰਹੀ ਸੀ ।

ਸਾਕਸ਼ੀ ਗੁਪਤਾ ਨੂੰ ਇਸ ਕਾਲਜ ਦੇ ਕੁਝ ਸੀਨੀਅਰ ਡਾਕਟਰ ਪ੍ਰੇਸ਼ਾਨ ਕਰ ਰਹੇ ਸਨ। ਬੀਤੇ ਦਿਨ ਉਹ ਆਪਣੀ ਡਿਊਟੀ ਤੋਂ ਛੁੱਟੀ ਲੈਕੇ ਹਾਸਟਲ ਵਾਪਸ ਆ ਗਈ । ਸ਼ਾਮ ਦੇ ਸਮੇਂ ਡਿਊਟੀ ਤੋਂ ਬਾਅਦ ਹਾਸਟਲ 'ਚ ਆਈਆਂ ਉਸ ਦੇ ਨਾਲ ਪੜ੍ਹਨ ਵਾਲੀਆਂ, ਵਿਦਿਆਰਥਣਾਂ ਨੇ ਜਦੋਂ ਉਸ ਦੇ ਕਮਰੇ ਦਾ ਦਰਵਾਜਾ ਬੰਦ ਵੇਖਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ।

ਦਰਵਾਜ਼ਾ ਨਾ ਖੁੱਲ੍ਹਣ 'ਤੇ ਹੋਸਟਲ ਵਾਰਡਨ ਨੂੰ ਬੁਲਾਕੇ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਸਾਕਸ਼ੀ ਗੁਪਤਾ ਸ਼ੱਕੀ ਹਾਲਾਤ 'ਚ ਮ੍ਰਿਤਕ ਪਾਈ ਗਈ। ਅਤੇ ਵੱਡੀ ਗਿਣਤੀ 'ਚ ਲੋਕ ਇਕਠੇ ਹੋ ਗਏ । ਖ਼ਬਰ ਲਿਖੇ ਜਾਣ ਤੱਕ ਸੁਮੇਸ਼ ਗੁਪਤਾ ਦੇ ਰਾਜਸਥਾਨ ਰਹਿਣ ਵਾਲੇ ਰਿਸ਼ਤੇਦਾਰ ਜੈਪੁਰ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਇਸ ਮਾਮਲੇ ਦੇ ਦੋਸ਼ੀ ਡਾਕਟਰਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ

Posted By: Sarabjeet Kaur