ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਨਸ਼ੇ ਦੇ ਵਿਰੁੱਧ ਮੁਹਿੰਮ ਚਲਾਉਣ ਲਈ ਅਤੇ ਨਸ਼ੇ ਦੇ ਇਲਾਜ ਦੀ ਵਿਵਸਥਾ ਦੀ ਸਮਿੱਖੀਆ ਤੋਂ ਬਾਅਦ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਸ਼ੇ ਦੇ ਵਿਰੁੱਧ ਫੈਸਲਾਕੁੰਨ ਵਾਰ ਕਰਨ ਦੇ ਫੈਸਲੇ ਤਹਿਤ ਜਨ-ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਨਸ਼ੇ ਦੀ ਪੀੜਤਾਂ ਦੇ ਇਲਾਜ ਦੀ ਵਿਵਸਥਾ ਤੇ ਤਸੱਲੀ ਪ੍ਰਗਟਾਉਂਦਿਆ ਅਧਿਕਾਰੀਆਂ ਨੂੰ ਨਸ਼ੇ ਵਿਰੁੱਧ ਸਖਤ ਰੁੱਖ ਅਖਤਿਆਰ ਕਰਕੇ ਜ਼ਿਲ੍ਹੇ 'ਚੋਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਦੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ੍ਹ ਕਿਹਾ ਕਿ ਨਸ਼ਾ ਨਾ ਕੇਵਲ ਨਸ਼ਾ ਕਰਨ ਵਾਲੇ ਵਿਅਕਤੀ ਲਈ ਸਮੱਸਿਆ ਬਲਕਿ ਉਹ ਪੂਰੇ ਸਮਾਜ ਨੂੰ ਗੰਧਲਾ ਕਰ ਰਿਹਾ ਹੈ। ਉਨਾਂ੍ਹ ਕਿਹਾ ਕਿ ਸਰਕਾਰ ਆਪਣੇ ਤੌਰ 'ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਇਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਮਾਜ ਵਿਰੋਧੀ ਅਨਸਰਾਂ ਨੂੰ ਸਮਾਜਿਕ ਜਾਗਰੂਕਤਾ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਭਾਗੀਦਾਰੀ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਵਾਪਿਸ ਮੁੱਖ ਧਾਰਾ ਵਿੱਚ ਲਿਆਉਣਾ ਕੋਈ ਅੌਖਾ ਕੰਮ ਨਹੀ।

ਉਨਾਂ੍ਹ ਕਿਹਾ ਕਿ ਆਉਣ ਵਾਲੀ ਨਵੀਂ ਪੀੜ੍ਹੀ ਨਸ਼ਾ ਰੂਪੀ ਵੈਤ ਦੇ ਚੁੰਗਲ ਵਿੱਚ ਨਾ ਫਸੇ। ਇਸ ਲਈ ਅਧਿਕਾਰੀ ਸਮਾਜਿਕ ਕਾਰਜ ਕਰਤਾਵਾਂ ਨਾਲ ਜੁੜ ਕੇ ਇੱਕ ਜਾਗਰੂਕਤਾ ਮੁਹਿੰਮ ਚਲਾਉਣ। ਬੱਡੀ ਪੋ੍ਗਰਾਮ ਸਕੂਲਾਂ ਵਿੱਚ ਅਧਿਆਪਕ ਨਸ਼ਿਆਂ ਉੱਪਰ ਵਿਦਿਆਰਥੀਆਂ ਨਾਲ ਵਿਸ਼ੇਸ਼ ਸੰਵਾਦ ਕਰਨ ਅਤੇ ਉਨਾਂ੍ਹ ਨੂੰ ਨਸ਼ੇ ਨਾਲ ਪੈਦਾ ਹੋ ਰਹੀਆਂ ਬੁਰਾਈਆਂ ਤੋਂ ਜਾਗਰੂਕ ਕਰਵਾਉਣ। ਉਨਾਂ੍ਹ ਕਿਹਾ ਮਹੀਨੇ ਵਿੱਚ ਇਕ ਵਾਰ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬੁਲਾ ਕੇ ਉਸ ਪਾਸੋਂ ਪੇ੍ਰਰਨਾਦਾਇਕ ਭਾਸ਼ਣ ਦਿਵਾਇਆ ਜਾਵੇ ਤਾਂ ਜੋ ਬੱਚੇ ਆਪਣੇ ਨਸ਼ਾ ਕਰਨ ਵਾਲੇ ਮਾਪਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਣ ਅਤੇ ਭਵਿੱਖ ਦੀ ਚੁਣੌਤੀਆਂ ਨੂੰ ਸਵੀਕਾਰਦੇ ਹੋਏ ਉਨਾਂ੍ਹ ਨਾਲ ਲੜਨ ਦੇ ਸਮਰੱਥ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ।

ਉਨ੍ਹਾਂ ਕਿਹਾ ਇਸੇ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਨਾਲ ਨਸ਼ੇ ਦੀ ਸਪਲਾਈ ਲਾਈਨ ਟੁੱਟੀ ਹੈ ਉੱਥੇ ਪੁਲਿਸ ਅਧਿਕਾਰੀਆਂ ਵੱਲੋਂ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨਾਂ੍ਹ ਵਿੱਚ ਭਰੋਸੇ ਦੀ ਭਾਵਨਾ ਪੈਦਾ ਕੀਤੀ ਜਾਵੇ ਤਾਂ ਜੋ ਆਮ ਲੋਕ ਨਿਡਰ ਹੋ ਕੇ ਪੁਲਿਸ ਨੂੰ ਨਸ਼ੇ ਤਸਕਰਾਂ ਬਾਰੇ ਸੂਚਨਾ ਦੇਣ ਅਤੇ ਨਸ਼ੇ ਤੋਂ ਪੀੜਤ ਵਿਅਕਤੀ ਆਪਣਾ ਇਲਾਜ ਕਰਵਾਉਣ ਲਈ ਅੱਗੇ ਆਉਣ। ਉਨਾਂ੍ਹ ਕਿਹਾ ਫਾਜ਼ਿਲਕਾ ਨੂੰ ਨਸ਼ੇ ਰੂਪੀ ਕੋਹੜ ਤੋਂ ਛੁਟਕਾਰਾ ਦਵਾਉਣਾ ਉਨ੍ਹਾਂ ਦੇ ਨਾਲ ਨਾਲ ਸਮੂਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਪਹਿਲਾਂ ਟੀਚਾ ਹੋਵੇ। ਇਸ ਬੈਠਕ ਵਿੱਚ ਪੁਲਿਸ ਅਧਿਕਾਰੀਆਂ ਪੁਲਿਸ ਮਹਿਮਕਮੇ ਵੱਲੋਂ ਐਸਪੀ. ਜੀਐਸ ਸੰਧਾ, ਸਿਹਤ ਵਿਭਾਗ ਦੇ ਡਾ. ਸਰਬਿੰਦਰ ਸਿੰਘ ਤੇ ਡਾ. ਮਹੇਸ਼ ਕੁਮਾਰ, ਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ, ਡੀਸੀਪੀਓ ਰੀਤੂ ਅਤੇ ਸਿੱਖਿਆ ਵਿਭਾਗ ਤੋਂ ਵਿਜੈ ਕੁਮਾਰ ਦੇ ਨਾਲ ਨਾਲ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਸ਼ਾਮਿਲ ਸਨ।