ਸਚਿਨ ਮਿੱਢਾ, ਜਲਾਲਾਬਾਦ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਕੇਯੂ ਏਕਤਾ ਉਗਰਾਹਾ ਵਲੋਂ ਜਲਾਲਾਬਾਦ ਵਿਖੇ ਮੰਨੇਵਾਲਾ ਰੋਡ 'ਤੇ ਰੇਲ ਰੋਕੋ ਪੋ੍ਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਰੋਸ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਆਪਣਾ ਰੋਸ ਪ੍ਰਗਟਾ ਰਹੇ ਕਿਸਾਨਾਂ ਤੇ ਗ੍ਹਿ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਦੇ ਉਪਰ ਗੱਡੀ ਚੜ੍ਹਾ ਦਿੱਤੀ ਗਈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਆਪਣੇ ਇਸ ਮੰਤਰੀ ਦੇ ਵਿਰੁੱਧ ਤੇ ਦੂਜੇ ਕਾਤਲਾਂ ਵਿਰੁੱਧ ਵੀ ਕਾਰਵਾਈ ਨਾ ਕਰਨਾ ਸਰਕਾਰ ਦੀ ਕਿਸਾਨਾਂ ਪ੍ਰਤੀ ਮੰਸ਼ਾ ਨੂੰ ਉਜਾਗਰ ਕਰਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਆਗੂ ਪੂਰਨ ਸਿੰਘ, ਸੁਰਜੀਤ ਸਿੰਘ, ਐਸਡੀਓ ਰਿਟਾਇਰਡ ਸਲਾਹਕਾਰ ਜਿਲਾ ਕਮੇਟੀ, ਗੁਰਮੀਤ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ, ਜਗਸੀਰ ਸਿੰਘ, ਸਰਵਮਿੱਤਰ, ਸਤਪਾਲ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ ਰੱਤਾਥੇਜੜ, ਸਤਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ, ਸੁਖਦੇਵ ਸਿੰਘ, ਜਸਪਾਲ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਅਜਿਹੀਆਂ ਕੋਝੀਆਂ ਚਾਲਾਂ ਤੋ ਬਾਜ ਆਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਅੱਜ ਦਾ ਇਹ ਰੇਲ ਰੋਕੋ ਪੋ੍ਗਰਾਮ ਵੀ ਸ਼ਾਂਤੀਪੂਰਨ ਤੇ ਪੂਰਨ ਅਮਨ ਅਮਾਨ ਨਾਲ ਨੇਪੜੇ ਚਾੜਿਆ ਗਿਆ।