v> ਸੁਖਦੀਪ ਘੁੜਿਆਣਾ, ਮੰਡੀ ਅਰਨੀਵਾਲਾ : ਕੋਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਹਰੇਕ ਪਿੰਡ ਸ਼ਹਿਰ ਮੰਡੀਆਂ ਆਦਿ 'ਚ ਮੁਫਤ ਕਣਕ ਦਾਲਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਗਰੀਬ ਪਰਿਵਾਰਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੁਆਰਾ ਡੀਪੂ ਹੋਲਡਰਾਂ ਦੀ ਲਗਾਈ ਗਈ ਹੈ। ਪਰ ਕੁਝ ਕਾਂਗਰਸੀ ਲੀਡਰ ਆਪਣੇ ਆਪ ਨੂੰ ਚਮਕਾਉਣ ਖਾਤਰ ਜਿੱਥੇ ਵੀ ਹਲਕਾ ਵਿਧਾਇਕ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਲਕੇ ਦੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚਦੇ ਹਨ ਉੱਥੇ ਹੀ ਵੱਡੀ ਗਿਣਤੀ 'ਚ ਇਕ ਭਾਰੀ ਇਕੱਠ ਕਰ ਲੈਂਦੇ ਹਨ। ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਨਾ ਤਾਂ ਕੋਈ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਂਦਾ ਹੈ ਤੇ ਨਾ ਹੀ ਮਾਸਕ ਪਹਿਨੇ ਜਾਂਦੇ ਹਨ ਤੇ ਕਾਂਗਰਸ ਪਾਰਟੀ ਦੇ ਵਰਕਰ ਕੈਪਟਨ ਅਮਰਿੰਦਰ ਸਿੰਘ ਦੇ ਨਿਯਮਾਂ ਨੂੰ ਟਿੱਚ ਜਾਣਦੇ ਹਨ। ਵੇਖਣ 'ਚ ਆਇਆ ਕਿ ਕਾਂਗਰਸ ਪਾਰਟੀ ਦੇ ਆਗੂ ਆਪਣੀਆਂ ਫੋਟੋ ਅਖ਼ਬਾਰਾਂ 'ਚ ਲਗਵਾਉਣ 'ਤੇ ਝੂਠੀ ਸ਼ੋਹਰਤ ਬਣਵਾਉਣ ਲਈ ਇੰਨਾ ਇਕੱਠ ਕੀਤਾ ਜਾ ਰਿਹਾ ਹੈ ਤੇ ਧਾਰਾ 144 ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੇ ਸਬੰਧ 'ਚ ਜਦੋਂ ਕਾਂਗਰਸੀ ਆਗੂਆਂ ਵੱਲੋਂ ਕੀਤੇ ਇਸ ਭਾਰੀ ਇਕੱਠ ਕਰਨ ਤੇ ਮਾਸਕ ਨਾ ਪਾਉਣ ਬਾਰੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਆਗੂ ਕੋਲ ਇਸ ਇਕੱਠ 'ਤੇ ਮਾਸਕ ਨਾ ਪਾਉਣ ਸਬੰਧੀ ਕੋਈ ਵੀ ਜਵਾਬ ਨਹੀਂ ਸੀ ਦਿੱਤਾ ਗਿਆ। ਇਸਤੋਂ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਆਗੂਆਂ ਜਾ ਕਾਂਗਰਸੀ ਵਰਕਰਾਂ ਉਪਰ ਕੋਈ ਵੀ ਧਾਰਾ ਜਾਂ ਨਿਯਮ ਲਾਗੂ ਨਹੀਂ ਹੁੰਦੇ ਹਨ। ਸਰਕਾਰ ਦੀਆਂ ਹਦਾਇਤਾਂ ਜਾਂ ਨਿਯਮ ਹਨ ਉਹ ਸਿਰਫ ਆਮ ਜਨਤਾ ਉੱਪਰ ਹੀ ਲਾਗੂ ਹੁੰਦੇ ਹਨ ਤੇ ਫਾਜ਼ਿਲਕਾ ਪ੍ਰਸ਼ਾਸਨ ਵੀ ਆਪਣੀਆਂ ਅੱਖਾਂ ਮੀਚੀ ਬੈਠਾ ਜਾਪ ਰਿਹਾ ਹੈ।

Posted By: Susheel Khanna