ਸੋਮ ਪ੍ਰਕਾਸ਼, ਸਚਿਨ ਮਿੱਢਾ, ਜਲਾਲਾਬਾਦ : ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਨਵੀਂ ਅਨਾਜ ਮੰਡੀ ਦੇ ਨਜ਼ਦੀਕ ਬਣੇ ਤਾਜ ਗੈੱਸਟ ਹਾਊਸ 'ਚ ਪਹਿਲੀ ਮੰਜ਼ਿਲ 'ਚ ਅੱਗ ਲੱਗਣ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉੱਥੇ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ ਅਮਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪੁਹੁੰਚ ਅਤੇ ਕੜੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਉਪਰੋਕਤ ਤਾਜ ਗੈੱਸਟ ਹਾਊਸ ਠੇਕੇ 'ਤੇ ਲਿਆ ਹੋਇਆ ਸੀ ਅਤੇ ਲਗਭਗ 3 ਵਜੇ ਗੈੱਸਟ ਹਾਊਸ ਦਾ ਠੇਕੇਦਾਰ ਸੁਧੀਰ ਨਾਮਕ ਵਿਅਕਤੀ ਨੇ ਅੱਗ ਤੋਂ ਆਪਣੀ ਜਾਨ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਛਲਾਂਗ ਮਾਰ ਦਿੱਤੀ ਅਤੇ ਜ਼ਖਮੀ ਹੋ ਗਿਆ। ਦਸ ਦੇਈਏ ਕਿ ਜ਼ਖਮੀ ਵਿਅਕਤੀ ਨੂੰ ਆਸਪਾਸ ਦੇ ਲੋਕਾਂ ਵੱਲੋਂ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਲੱਗੀ ਹੋ ਸਕਦੀ ਹੈ। ਅੱਗ ਲੱਗਣ ਕਾਰਨ ਫਰਨੀਚਰ, ਸ਼ੀਸੇ ਅਤੇ ਹੋਰ ਕੀਮਤੀ ਸਮਾਨ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Posted By: Rajnish Kaur