ਸਚਿਨ ਮਿੱਢਾ, ਜਲਾਲਾਬਦ : ਕਿਰਤ ਵਿਭਾਗ ਪੰਜਾਬ ਸਰਕਾਰ ਦੇ ਪੰਜਾਬ ਬਿਲਡਿੰਗ ਐੰਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਪੰਜਾਬ ਕਿਰਤੀ ਉਸਾਰੀ ਕਿਰਤੀਆਂ ਦੇ ਬੱਚਿਆਂ ਦੀ ਸਾਲ 2017 ਤੋਂ 2021 ਤੱਕ ਰੁਕੀ ਵਜੀਫਾ ਰਾਸ਼ੀ ਜਾਰੀ ਕਰਵਾਉਣ ਦੀ ਮੰਗ ਲਈ ਪੰਜਾਬ ਖੇਤ ਮਜਦੂਰ ਸਭਾ (ਰਜਿ.) ਬਲਾਕ ਜਲਾਲਾਬਾਦ ਦਾ ਇਕ ਵਫਦ ਜ਼ਿਲ੍ਹਾ ਫਾਜ਼ਿਲਕਾ ਦੇ ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਮਿਲਿਆ ਅਤੇ ਕਿਰਤ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹਦੇ ਡਾਇਰੈਕਟਰ ਦੇ ਨਾਂਅ 'ਤੇ 'ਮੰਗ-ਪੱਤਰ' ਦਿੱਤਾ ਗਿਆ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਬਲਾਕ ਜਲਾਲਾਬਾਦ ਦੇ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਕਮਰੇਵਾਲਾ,ਪ੍ਰਰੈਸ ਸਕੱਤਰ ਸਤਨਾਮ ਸਿੰਘ, ਸ਼ੇਰ ਸਿੰਘ ਫਲੀਆਂਵਾਲਾ, ਸਵਰਨ ਸਿੰਘ, ਪੇ੍ਮ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ ਆਲਮਸ਼ਾਹ ਆਦਿ ਮੌਜੂਦ ਸਨ। ਇਸ ਸਬੰਧੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਬਲਾਕ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਕਿਰਤ ਵਿਭਾਗ ਦੇ ਲੇਬਰ ਨਾਲ ਜੁੜੇ ਕਿਰਤੀ ਕਾਮਿਆਂ ਵਲੋਂ ਆਪਣੇ ਬੱਚਿਆਂ ਦੇ ਵਜੀਫੇ ਦੇ ਫਾਰਮ ਭਰ ਕੇ ਵਿਭਾਗ ਦੇ ਦਫਤਰ ਅਤੇ ਸੇਵਾ ਕੇਂਦਰਾਂ ਰਾਹੀ ਜਮਾ ਕਰਵਾਏ ਗਏ ਸਨ ਅਤੇ ਇਨ੍ਹਾਂ ਫਾਰਮਾਂ 'ਚੋਂ ਕਈ ਫਾਰਮਾਂ 'ਤੇ ਇਤਰਾਜ਼ ਲਾ ਕੇ ਵਜ਼ੀਫਾ ਰੋਕਿਆ ਗਿਆ ਹੈ, ਜਿਸ ਕਾਰਨ ਫਾਜ਼ਿਲਕਾ ਜ਼ਿਲ੍ਹੇ 'ਚ ਕਿਰਤੀ ਕਾਮਿਆਂ ਦੇ ਬੱਚਿਆਂ ਦੇ ਵਜੀਫਾ ਫਾਰਮ ਸਾਲ 2017 ਤੋਂ 2021 ਤੱਕ ਲੱਗੇ ਇਤਰਾਜਾਂ ਨੂੰ ਦੂਰ ਕਰਨ ਵਾਸਤੇ ਸਥਾਨਕ ਪੱਧਰ 'ਤੇ ਅਧਿਕਾਰੀਆਂ ਵਲੋਂ ਰੁਚੀ ਨਾ ਦਿਖਾਉਣ ਕਰਕੇ ਵਜੀਫੇ ਰੁਕੇ ਪਏ ਹਨ।

ਪੰਜਾਬ ਖੇਤ ਮਜਦੂਰ ਸਭਾ ਬਲਾਕ ਜਲਾਲਾਬਾਦ ਵਲੋਂ ਕਿਰਤ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ 'ਮੰਗ-ਪੱਤਰ' ਭੇਜ ਕੇ ਪੂਰਜੋਰ ਮੰਗ ਕੀਤੀ ਗਈ ਕਿ ਜਿਲਾ ਫਾਜਿਲਕਾ ਨਾਲ ਸਬੰਧਤ ਕਿਰਤੀ ਕਾਮਿਆਂ ਦੇ ਬੱਚਿਆਂ ਦੇ ਵਜੀਫੇ ਦੇ ਫਾਰਮਾਂ 'ਤੇ ਲੱਗੇ ਇਤਰਾਜਾਂ ਨੂੰ ਤੁਰੰਤ ਦੂਰ ਕਰਨ ਲਈ ਸਬੰਧਤ ਲਾਭਪਾਤਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਰੁਕੀ ਵਜੀਫਾ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਕਿਰਤ ਵਿਭਾਗ ਨਾਲ ਜੁੜੇ ਕਾਮਿਆਂ ਦੇ ਬੱਚਿਆਂ ਨੂੰ ਆਪਣੀ ਪੜਾਈ ਜਾਰੀ ਰੱਖਣ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਬਚਿਆਂ ਜਾ ਸਕੇ।

ਉਨਾਂ ਕਿਹਾ ਕਿ ਇਸਦੇ ਪਹਿਲਾਂ ਵੀ ਕਈ ਵਾਰ ਇਸ ਮਸਲੇ ਦਾ ਹੱਲ ਕਰਵਾਉਣ ਲਈ 'ਮੰਗ-ਪੱਤਰ' ਦਿੱਤੇ ਗਏ ਹਨ ਪਰ ਅੱਜ ਤੱਕ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਹੈ। ਜਿਸਦੇ ਕਾਰਨ ਇਨਾਂ ਕਿਰਤੀ ਕਾਮਿਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਕਿਰਤੀ ਕਾਮਿਆਂ ਦੇ ਬੱਚਿਆਂ ਦੇ ਸਾਲ 2017 ਤੋਂ ਹੁਣ ਤੱਕ ਰੁਕੇ ਵਜੀਫੇ ਦੀ ਰਾਸ਼ੀ ਨੂੰ ਜਾਰੀ ਨਹੀਂ ਕੀਤਾ ਗਿਆ ਤਾਂ ਭਵਿੱਖ ਵਿਚ ਪੰਜਾਬ ਖੇਤ ਮਜਦੂਰ ਸਭਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਧਰ, ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਜੇ.ਪੀ. ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਮਸਲੇ ਦਾ ਹੱਲ ਜਲਦੀ ਕਰਵਾਇਆ ਜਾਵੇਗਾ।

ਫੋਟੋ ਕੈਪਸ਼ਨ- 08f੍k_5