ਸੁਖਵਿੰਦਰ ਥਿੰਦ,ਫਾਜ਼ਿਲਕਾ : ਜ਼ਿਲ੍ਹੇ ਦੇ ਪਿੰਡ ਜੰਡਵਾਲਾ ਮਿਰਾ ਸਾਂਗਲਾ ਨੇੜੇ ਇਕ ਵੱਡੇ ਹਾਦਸੇ 'ਚ ਇਕ ਹੀ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਲੋਕ ਇਕੋ ਕਾਰ 'ਚ ਜਾ ਰਹੇ ਸਨ। ਕਾਰ ਦੀ ਸਟੇਅਰਿੰਗ ਅਚਾਨਕ ਜਾਮ ਹੋ ਗਈ ਤੇ ਬ੍ਰੇਕ ਵੀ ਨਾ ਲੱਗੀ। ਜਿਸ ਕਾਰਨ ਉਹ ਗੰਗ ਨਹਿਰ 'ਚ ਡਿੱਗ ਗਈ। ਮਾਰੇ ਗਏ ਲੋਕਾਂ 'ਚ ਚਾਰ ਬੱਚੇ ਤੇ ਦੋ ਔਰਤਾਂ ਸ਼ਾਮਲ ਹਨ। ਇਕ ਵਿਅਕਤੀ ਕਾਰ ਦਾ ਸ਼ੀਸ਼ਾ ਤੋੜ ਕੇ ਕਿਸੇ ਤਰ੍ਹਾਂ ਬਾਹਰ ਆਉਣ 'ਚ ਕਾਮਯਾਬ ਹੋਇਆ।

ਜਾਣਕਾਰੀ ਮੁਤਾਬਿਕ ਇਕ ਹੀ ਪਰਿਵਾਰ ਦੇ ਸੱਤ ਲੋਕ ਕਾਰ 'ਚ ਸਵਾਰ ਹੋ ਕੇ ਪਿੰਡ ਅੱਚਾੜਿਕੀ ਵਿਖੇ ਤਾਂਤਰਿਕ ਬਾਬੇ ਕੋਲ ਜਾ ਰਹੇ ਸਨ, ਜਦੋਂ ਉਹ ਪਿੰਡ ਜੰਡਵਾਲਾ ਦੇ ਕੋਲ ਪਹੁੰਚੇ ਤਾਂ ਅਚਾਨਕ ਕਾਰ ਵਿਚ ਖਰਾਬੀ ਆਉਣ ਕਾਰਨ ਕਾਰ ਨਹਿਰ 'ਚ ਡਿੱਗ ਗਈ, ਪਰਿਵਾਰ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਾਂ ਕਿਸੇ ਤਰ੍ਹਾਂ ਨਹਿਰ 'ਚ ਬਾਹਰ ਆਉਣ 'ਚ ਕਾਮਯਾਬ ਰਿਹਾ ਪਰ ਉਨ੍ਹਾਂ ਦੀ ਮਾਂ ਸਰਣੋ ਬਾਈ, ਭਰਾ ਸੁਰਿੰਦਰ ਸਿੰਘ, ਭਾਭੀ, ਕੁਲੰਵਿਦਰ ਕੌਰ,ਭਤੀਜਾ ਸਾਜਨ ਸਿੰਘ, ਭਤੀਜੀ ਸਿਮਰਨ ਕੌਰ ਅਤੇ ਭਤੀਜੀ ਲਖਵਿੰਦਰ ਕੌਰ, ਜਿਨ੍ਹਾ ਦੀ ਮੌਕੇ 'ਤੇ ਮੌਤ ਹੋ ਗਈ। ਬਲਵਿੰਦਰ ਸਿੰਘ ਨੇ ਕਿਹਾ ਕਿ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਪਰਿਵਾਰ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਜਦ ਕਿ ਉਨ੍ਹਾਂ ਦੇ ਭਰਾ ਸੁਰਿੰਦਰ ਸਿੰਘ ਦੀ ਭਾਲ ਜਾਰੀ ਹੈ।

Posted By: Amita Verma