ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ

ਵਾਰਡ ਨੰਬਰ-6 ਬਾੜਾ ਸਰਹਿੰਦ ਵਿਖੇ 'ਆਪ' ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਅਗਵਾਈ ਵਿਚ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਖਵੀਰ ਸਿੰਘ ਰਾਏ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਨੂੰ ਮਾਡਰਨ ਸ਼ਹਿਰ ਬਣਾਉਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਨਵੇਂ ਬੱਸ ਸਟੈਂਡ ਦੇ ਅੱਗੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਸਾਹਮਣੇ ਵਾਲੇ ਮੁਹੱਲੇ ਵਿਚ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਰਿਹਾ ਹੈ। ਬੀਤੇ ਦਿਨੀਂ ਹੋਈ ਥੋੜ੍ਹੀ ਜਿਹੀ ਬਰਸਾਤ ਨੇ ਨਗਰ ਕੌਂਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਬੱਸ ਸਟੈਂਡ ਦੇ ਸਾਹਮਣੇ ਵਾਲੇ ਘਰਾਂ ਵਿਚ ਪਾਣੀ ਵੜ ਗਿਆ ਅਤੇ ਲੋਕਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਾਰਡ ਦੇ ਕੌਂਸਲਰ ਨੂੰ ਗੰਦੇ ਪਾਣੀ ਦੀ ਨਿਕਾਸੀ ਬਾਰੇ ਸੂਚਿਤ ਕਰ ਚੁੱਕੇ ਹਨ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਸੀ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਮੌਕਾ ਦੇਖ ਕੇ ਚਲੇ ਗਏ ਪਰ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾ 'ਆਪ' ਪਾਰਟੀ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ 'ਤੇ 100 ਕਰੋੜ ਤੋਂ ਵੀ ਵੱਧ ਖਰਚੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਰਿਹਾ ਹੈ। ਇਸ ਮੌਕੇ ਬਲਦੇਵ ਜਲਾਲ, ਰਾਜੂ, ਕਿ੍ਸ਼ਨ ਨੰਦਪੁਰੀ, ਕਸ਼ਮੀਰੀ ਲਾਲ, ਕਰਮਜੀਤ ਸਿੰਘ, ਮੰਗਾ, ਸੁਰਿੰਦਰ ਸਿੰਘ, ਨੌਰੰਗ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ ਮਿੰਟਾ, ਸਚਿਨ, ਰਾਜੂ ਕੁਰਾਲੀ ਵਾਲੇ ਤੋਂ ਇਲਾਵਾ ਹੋਰ ਮੁਹੱਲਾ ਵਾਸੀ ਮੌਜੂਦ ਸਨ। ਇਸ ਸਬੰਧੀ ਕਾਂਗਰਸੀ ਆਗੂ ਗੁਲਸ਼ਨ ਰਾਏ ਬੌਬੀ ਸਾਬਕਾ ਕੌਂਸਲਰ ਨਾਲ ਗੱਲ ਕਰਨ ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਬੱਸ ਸਟੈਂਡ ਦੇ ਅੱਗੇ ਵਾਲੀ ਸੜਕ ਪੱਕੀਕਰਨ ਲਈ ਪਾਸ ਕੀਤੀ ਜਾ ਚੁੱਕੀ ਹੈ, ਜੇਕਰ ਕੋਰੋਨਾ ਮਹਾਮਾਰੀ ਕਰਕੇ ਵਿਕਾਸ ਕਾਰਜ ਪ੍ਰਭਾਵਿਤ ਨਾ ਹੁੰਦੇ ਤਾਂ ਹੁਣ ਤਕ ਸੜਕ ਬਣ ਜਾਣੀ ਸੀ। ਉਨ੍ਹਾਂ ਕਿਹਾ ਕਿ ਵਾਰਡ ਵਿਚ ਸਫਾਈ ਸੇਵਕ ਪੂਰੀ ਮੁਸਤੈਦੀ ਨਾਲ ਡਿਊਟੀ ਕਰਦੇ ਹਨ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਹੱਲ ਕਰਵਾ ਦਿੱਤਾ ਜਾਂਦਾ ਹੈ।