ਰਣਜੋਧ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ : ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਵਾਰਡਨ ਦੀ ਅਣਗਹਿਲੀ ਕਾਰਨ ਵਿਦਿਆਰਥੀ ਦੀ ਹੋਈ ਮੌਤ ਕਾਰਨ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਅਤੇ ਗੱਡੀਆਂ ਦੀ ਭੰਨਤੋੜ ਕੀਤੀ। ਮ੍ਰਿਤਕ ਦੀ ਪਛਾਣ ਹੇਮੰਤ ਮੰਡਲ (18) ਵਾਸੀ ਬਰਮਜਿਆ (ਨੇਪਾਲ) ਵਜੋਂ ਹੋਈ ਜੋ ਸਿਵਲ ਇੰਜੀਨੀਅਰਰਿੰਗ ਡਿਪਲੋਮਾ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਹੇਮੰਤ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਬੁੱਧਵਾਰ ਰਾਤ ਕਰੀਬ 10:30 ਵਜੇ ਤੋਂ ਤੜਕੇ ਤਿੰਨ ਵਜੇ ਤਕ ਇੱਟਾਂ ਰੋੜਿਆਂ ਨਾਲ ਯੂਨੀਵਰਸਿਟੀ ਅਤੇ ਬੱਸਾਂ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਤੇ ਯੂਨੀਵਰਸਿਟੀ ਦੇ ਬੈਨਰਾਂ ਨੂੰ ਅੱਗ ਲਾ ਦਿੱਤੀ। ਭੜਕੇ ਵਿਦਿਆਰਥੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਇਲਾਵਾ ਮੋਹਾਲੀ, ਖੰਨਾ ਅਤੇ ਨਵਾਂ ਸ਼ਹਿਰ ਦੀ ਪੁਲਿਸ ਮੰਗਵਾਉਣੀ ਪਈ। ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰ ਕੇ ਉਨ੍ਹਾਂ 'ਤੇ ਕਾਬੂ ਪਾਇਆ ਗਿਆ। ਪੁਲਿਸ ਨੇ ਹੇਮੰਤ ਦੇ ਸਾਥੀ ਰਾਮ ਹਿਰਦੇ ਭੰਡਾਰੀ ਵਾਸੀ ਸਹੇੜਵਾ (ਨੇਪਾਲ) ਦੀ ਸ਼ਿਕਾਇਤ 'ਤੇ ਵਾਰਡਨ ਮੋਹਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।

ਜਾਣਕਾਰੀ ਮੁਤਾਬਕ ਹੇਮੰਤ ਮੰਡਲ ਆਈਈਟੀ ਹੋਸਟਲ ਦੀ ਤੀਜੀ ਮੰਜ਼ਿਲ 'ਤੇ ਕਮਰਾ ਨੰਬਰ 65ਬੀ 'ਚ ਆਪਣੇ ਇਕ ਹੋਰ ਸਾਥੀ ਨਾਲ ਪਿਛਲੇ ਕਰੀਬ ਦੋ ਮਹੀਨੇ ਤੋਂ ਰਹਿੰਦਾ ਸੀ। ਉਹ ਬੁੱਧਵਾਰ ਰਾਤ ਆਪਣੇ ਦੋਸਤਾਂ ਨੂੰ ਕਮਰਾ ਨੰਬਰ 169 ਏ 'ਚ ਮਿਲਣ ਗਿਆ ਸੀ ਜਿੱਥੇ ਉਸ ਦੀ ਸਿਹਤ ਖ਼ਰਾਬ ਹੋਣ ਕਰਕੇ ਉਸ ਨੂੰ ਬੇਚੈਨੀ ਹੋਣ ਲੱਗੀ ਅਤੇ ਗਰਮੀ ਲੱਗਣ ਕਰ ਕੇ ਉਸ ਨੇ ਕੱਪੜੇ ਉਤਾਰ ਦਿੱਤੇ ਤੇ ਫਰਸ਼ 'ਤੇ ਲੇਟ ਗਿਆ। ਇਸੇ ਦੌਰਾਨ ਰਾਮ ਹਿਰਦੇ ਸਮੇਤ ਹੇਮੰਤ ਦੇ ਹੋਰ ਦੋਸਤਾਂ ਨੇ ਪਹਿਲੀ ਮੰਜ਼ਿਲ 'ਤੇ ਆ ਕੇ ਵਾਰਡਨ ਮੋਹਨ ਸਿੰਘ ਨੂੰ ਸਾਰੀ ਗੱਲ ਦੱਸੀ ਅਤੇ ਹੇਮੰਤ ਨੂੰ ਹਸਪਤਾਲ ਲਿਜਾਣ ਲਈ ਕਿਹਾ ਪਰ ਵਾਰਡਨ ਹੇਮੰਤ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਨ੍ਹਾਂ ਨਾਲ ਬਹਿਸਣ ਲੱਗਾ ਜਿਸ ਕਰ ਕੇ ਹੇਮੰਤ ਨੂੰ ਹਸਪਤਾਲ ਲਿਜਾਣ 'ਚ ਦੇਰ ਹੋ ਗਈ । ਜਦੋਂ ਵਾਰਡਨ ਤੇ ਹੇਮੰਤ ਦੇ ਦੋਸਤਾਂ ਨੂੰ ਗੱਲ ਕਾਫੀ ਵਧ ਗਈ ਤਾਂ ਵਾਰਡਨ ਨੇ ਗੱਡੀ ਮੰਗਵਾ ਲਈ ਉਦਂ ਤਕ ਹੇਮੰਤ ਦੇ ਸਰੀਰ ਨੇ ਹਰਕਤ ਕਰਨੀ ਬੰਦ ਕਰ ਦਿੱਤੀ ਸੀ ਜਦੋਂ ਹੇਮੰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

--------------------

ਪਹਿਲਾਂ ਘਰੋਂ ਪੈਸੇ ਮੰਗਵਾਓ ਫਿਰ ਹਸਪਤਾਲ ਜਾਇਓ

ਜਦੋਂ ਹੇਮੰਤ ਤੜਫਦਾ ਹੋਇਆ ਬਚਾਓ ਬਚਾਓ ਦੀ ਦੁਹਾਈ ਪਾ ਰਿਹਾ ਸੀ ਤਾਂ ਵਾਰਡਨ ਹੇਮੰਤ ਦੇ ਦੋਸਤਾਂ ਨਾਲ ਬਹਿਸਦਾ ਹੋਇਆ ਆਖ ਰਿਹਾ ਸੀ ਕਿ ਪਹਿਲਾਂ ਘਰ ਤੋਂ ਪੈਸੇ ਮੰਗਵਾਓ ਫਿਰ ਹਸਪਤਾਲ ਜਾਣਾ। ਜਦੋਂ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਤਾਂ ਵਾਰਡਨ ਕਹਿਣ ਲੱਗਾ ਉਹ ਬਿਨਾਂ ਪੈਸਿਆਂ ਤੋਂ ਗੱਡੀ ਨਹੀਂ ਮੰਗਵਾ ਸਕਦਾ।

---------------------

ਪੈਟਰੋਲ ਪੰਪ ਨੂੰ ਅੱਗ ਲਾਉਣ ਦੀ ਕੀਤੀ ਸੀ ਕੋਸ਼ਿਸ਼---

ਹੇਮੰਤ ਦੀ ਮੌਤ ਤੋਂ ਬਾਅਦ ਭੜਕੇ ਵਿਦਿਆਰਥੀ ਜਦੋਂ ਯੂਨੀਵਰਸਿਟੀ ਅਤੇ ਗੱਡੀਆਂ ਦੀ ਭੰਨਤੋੜ ਕਰ ਰਹੇ ਸਨ ਤਾਂ ਉਹ ਯੂਨੀਵਰਸਿਟੀ 'ਚ ਲੱਗੇ ਪੈਟਰੋਲ ਕੋਲ ਪੁੱਜ ਗਏ ਤੇ ਪੈਟਰੋਲ ਪੰਪ ਦੇ ਕੈਬਿਨ ਦੀ ਭੰਨਤੋੜ ਕੀਤੀ ਇਸੇ ਦੌਰਾਨ ਪੁਲਿਸ ਮੌਕੇ 'ਤੇ ਪਹੰੁਚ ਗਈ ਜਿਸ ਕਰਕੇ ਵਿਦਿਆਰਥੀ ਕਮਰਿਆਂ 'ਚ ਵੜ ਗਏ।

----------------