‘ਦ ਜਰਨਲ ਆਫ਼ ਰਿਲੀਜ਼ਨ ਐਂਡ ਸਿੱਖ ਸਟੱਡੀਜ਼’ ਜਾਰੀ
ਯੂਨੀਵਰਸਿਟੀ ਦੀ ਖੋਜ-ਪੱਤਰਿਕਾ ‘ਦ ਜਰਨਲ ਆਫ਼ ਰਿਲੀਜਨ ਐਂਡ ਸਿੱਖ ਸਟੱਡੀਜ਼’ ਜਾਰੀ
Publish Date: Tue, 09 Dec 2025 05:14 PM (IST)
Updated Date: Tue, 09 Dec 2025 05:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਆਪਣੀ ਯੂਜੀਸੀ-ਕੇਅਰ ਸੂਚੀਬੱਧ ਕੌਮਾਂਤਰੀ ਪੀਅਰ-ਰਿਵਿਊਡ ਖੋਜ-ਪੱਤਰਿਕਾ ‘ਦ ਜਰਨਲ ਆਫ਼ ਰਿਲੀਜਨ ਐਂਡ ਸਿੱਖ ਸਟੱਡੀਜ਼’ ਦਾ 2025 ਵਿਸ਼ੇਸ਼ ਅੰਕ ਜਾਰੀ ਕੀਤਾ। ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਪੱਤਰਿਕਾ ਅੰਤਰਰਾਸ਼ਟਰੀ ਅਕਾਦਮਿਕ ਜਗਤ ਵਿਚ ਇਕ ਵਿਲੱਖਣ ਤੇ ਸਤਿਕਾਰਤ ਪਛਾਣ ਬਣਾ ਚੁੱਕੀ ਹੈ। 2025 ਦਾ ਅੰਕ ‘ਬਰਤਾਨਵੀ ਕਾਲ ਵਿਸ਼ੇਸ਼ ਅੰਕ’ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿਚ ਬਰਤਾਨਵੀ ਸ਼ਾਸਨਕਾਲ ਦੇ ਧਾਰਮਿਕ, ਰਾਜਨੀਤਿਕ, ਭਾਸ਼ਾਈ, ਸੱਭਿਆਚਾਰਕ, ਸਮਾਜਿਕ, ਸਾਹਿਤਕ ਤੇ ਨਿਆਂ ਇਕ ਪੱਖਾਂ ਨੂੰ ਸਮੇਟਦੇ ਪੰਦਰਾਂ ਉੱਚ-ਗੁਣਵੱਤਾ ਵਾਲੇ ਖੋਜ-ਲੇਖ ਸ਼ਾਮਲ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਬਰਤਾਨਵੀ ਕਾਲ ਦੀ ਡੂੰਘਾਈ ਨਾਲ ਖੋਜ ਲਈ ਇਹ ਹੁਣ ਤੱਕ ਇਹ ਚੌਥਾ ਵਿਸ਼ੇਸ਼ ਅੰਕ ਹੈ। ਇਸ ਵਿਚ ਪੰਜਾਬ, ਹੋਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਦੇ ਵਿਦਵਾਨਾਂ ਦੇ ਮਹੱਤਵਪੂਰਨ ਯੋਗਦਾਨ ਸ਼ਾਮਲ ਕੀਤੇ ਗਏ ਹਨ। ਪੱਤਰਿਕਾ ਦੇ ਮੁੱਖ ਸੰਪਾਦਕ ਤੇ ਡੀਨ (ਫੈਕਲਟੀ ਆਫ਼ ਗੁਰੂ ਗ੍ਰੰਥ ਸਾਹਿਬ ਸਟੱਡੀਜ਼) ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਹ ਪੱਤਰਿਕਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਨਿਰਧਾਰਿਤ ਸਾਰੇ ਕੌਮਾਂਤਰੀ ਮਿਆਰਾਂ ’ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ। ਇਸ ਦੇ ਸਲਾਹਕਾਰ ਬੋਰਡ ਤੇ ਪੀਅਰ-ਰਿਵਿਊ ਪੈਨਲ ਵਿਚ ਵਿਸ਼ਵ ਪੱਧਰ ਦੇ ਨਾਮਵਰ ਵਿਦਵਾਨ ਸ਼ਾਮਲ ਹਨ। ਇਕ ਦਹਾਕੇ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੀ ਇਸ ਪੱਤਰਿਕਾ ਦੇ ਸਾਰੇ ਲੇਖ ਯੂਨੀਵਰਸਿਟੀ ਵੈੱਬਸਾਈਟ ਤੋਂ ਮੁਫ਼ਤ ਪੜ੍ਹੇ ਤੇ ਡਾਊਨਲੋਡ ਕੀਤੇ ਜਾ ਸਕਦੇ ਹਨ। ਸਮਾਗਮ ਦੌਰਾਨ 2026 ਅੰਕ ਦਾ ਵਿਸ਼ਾ ‘ਪੰਜਾਬ ਵੰਡ (1947): ਬਹੁ-ਪੱਖੀ ਵਿਸ਼ਲੇਸ਼ਣ’ ਐਲਾਨਿਆਂ ਗਿਆ। ਵਿਦਵਾਨ ਆਪਣੇ ਮੌਲਿਕ ਖੋਜ-ਲੇਖ 31 ਮਾਰਚ 2026 ਤੱਕ ਭੇਜ ਸਕਦੇ ਹਨ। ਸਮਾਗਮ ਵਿਚ ਸੰਪਾਦਕੀ ਬੋਰਡ ਮੈਂਬਰ ਡਾ. ਸਿਕੰਦਰ ਸਿੰਘ (ਡੀਨ, ਭਾਸ਼ਾ ਫੈਕਲਟੀ), ਡਾ. ਹਰਨੀਤ ਬਿਲਿੰਗ (ਮੁਖੀ, ਸਿੱਖਿਆ ਵਿਭਾਗ), ਡਾ. ਅੰਕਦੀਪ ਕੌਰ ਅਟਵਾਲ (ਨਿਰਦੇਸ਼ਕ ਆਈ. ਕਿਊਏਸੀ ਤੇ ਮੁਖੀ, ਅੰਗਰੇਜ਼ੀ ਵਿਭਾਗ), ਡਾ. ਨਵ ਸ਼ਗਨ ਦੀਪ ਕੌਰ (ਮੁਖੀ, ਸਮਾਜ-ਸ਼ਾਸਤਰ ਵਿਭਾਗ), ਡਾ. ਰਮਨਦੀਪ ਕੌਰ (ਮੁਖੀ, ਰਾਜਨੀਤੀ-ਸ਼ਾਸਤਰ ਵਿਭਾਗ) ਅਤੇ ਡਾ. ਜਸਪ੍ਰੀਤ ਕੌਰ (ਇੰਚਾਰਜ, ਇਤਿਹਾਸ ਵਿਭਾਗ) ਮੌਜੂਦ ਸਨ ਤੇ ਉਨ੍ਹਾਂ ਪੱਤਰਿਕਾ ਦੀ ਗੁਣਵੱਤਾ ਤੇ ਪਹੁੰਚ ਨੂੰ ਹੋਰ ਵਧਾਉਣ ਲਈ ਕੀਮਤੀ ਸੁਝਾਅ ਦਿੱਤੇ।