ਪੱਤਰ ਪ੍ਰੇਰਕ , ਫ਼ਤਹਿਗੜ੍ਹ ਸਾਹਿਬ : ਸ਼ੇਰ-ਸ਼ਾਹ ਸੂਰੀ ਮਾਰਗ 'ਤੇ ਫਲੋਟਿੰਗ ਰੇਸਟੋਰੈਂਟ ਨੇੜੇ ਐਤਵਾਰ ਸਵੇਰੇ ਕਰੀਬ ਪੰਜ ਵਜੇ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ 'ਚ ਸਵਾਰ ਪਰਿਵਾਰ ਦੀ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਕੈਂਥਲ (ਹਰਿਆਣਾ) ਜਾ ਰਿਹਾ ਸੀ, ਜਦੋਂ ਉਹ ਸਰਹਿੰਦ ਨਹਿਰ ਨੇੜੇ ਬਣੇ ਫਲੋਟਿੰਗ ਰੈਸਟੋਰੈਂਟ ਪਹੁੰਚਿਆ ਤਾਂ ਕਾਰ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਕਾਰ ਦੇ ਚਾਲਕ ਸਮੇਤ ਉਸ ਦੇ ਨਾਲ ਵਾਲੀ ਸੀਟ 'ਤੇ ਬੈਠੀ ਔਰਤ ਦੀ ਵੀ ਮੌਕੇ 'ਤੇ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਕਾਰ ਚਾਲਕ ਜਸਪ੍ਰਰੀਤ ਸਿੰਘ (22) ਵਾਸੀ ਪਿੰਡ ਚੱਕ ਲਦਾਣਾ ਕੈਂਥਲ ਹਰਿਆਣੇ ਤੇ ਮਹਿੰਦਰ ਕੌਰ ਵਾਸੀ ਪਿੰਡ ਕੇਸਰੀ ਜ਼ਿਲ੍ਹਾ ਅੰਬਾਲਾ ਹਰਿਆਣਾ ਵਜੋਂ ਹੋਈ ਹੈ। ਥਾਣਾ ਸਰਹਿੰਦ ਦੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸ ਪ੍ਰੀਤ ਸਿੰਘ ਤੇ ਮਹਿੰਦਰ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਰੱਖਵਾ ਦਿੱਤਾ ਹੈ। ਜ਼ਖ਼ਮੀਆਂ ਮਾਤਾ ਮਨਜੀਤ ਕੌਰ, ਭੈਣ ਰਾਜਵਿੰਦਰ ਕੌਰ, ਚਾਚੀ ਚਰਨਜੀਤ ਕੌਰ, ਮਨਜਪਤ ਸਿੰਘ ਪਿੰਡ ਬੰਬਾ ਬਿਜਨੌਰ ਅੰਬਾਲਾ ਹਰਿਆਣਾ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਮ੍ਰਿਤਕ ਤੇ ਜ਼ਖ਼ਮੀ ਲੋਕ ਆਪਸ 'ਚ ਰਿਸ਼ਤੇਦਾਰ ਹਨ, ਜੋ ਕਿ ਨਾਨਕਸਰ ਕਲੇਰਾਂ ਮੱਥਾ ਟੇਕਣ ਲਈ ਸ਼ਨਿਚਰਵਾਰ ਸ਼ਾਮ ਕੈਂਥਲ ਹਰਿਆਣਾ ਤੋਂ ਇਕ ਕਾਰ 'ਚ ਗਏ ਸਨ। ਐਤਵਾਰ ਸਵੇਰ ਵਾਪਸ ਆਉਂਦੇ ਸਮੇਂ ਸਰਹਿੰਦ ਨਹਿਰ ਨੇੜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।