ਪੱਤਰ ਪੇ੍ਰਕ, ਮੰਡੀ ਗੋਬਿੰਦਗੜ੍ਹ : ਪੁਲਿਸ ਨੇ ਗ੍ਰਹਿ ਕਲੇਸ਼ ਖਤਮ ਕਰਨ ਦੇ ਨਾਂ 'ਤੇ ਧੋਖਾਧੜੀ ਕਰਨ ਵਾਲੇ ਅਖੌਤੀ ਤਾਂਤਰਿਕਾਂ ਦੇ ਗਿਰੋਹ ਦੀ ਮੈਂਬਰ ਔਰਤ ਸਣੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ।

ਡੀਐੱਸਪੀ ਅਮਲੋਹ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਤਨਾਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਘਰੇਲੂ ਕਲੇਸ਼ ਕਾਰਨ ਉਹ 7-8 ਮਹੀਨੇ ਪਹਿਲਾਂ ਅਖੌਤੀ ਤਾਂਤਰਿਕਾਂ ਦੇ ਹੱਥੇ ਚੜ੍ਹ ਗਿਆ ਸੀ। ਉਕਤ ਲੋਕਾਂ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਘਰ 'ਚ ਕਲੇਸ਼ ਦਾ ਕਾਰਨ ਘਰ 'ਚ ਵੱਡੀ ਤਦਾਦ 'ਚ ਦੱਬਿਆ ਪਿਆ ਪੁਰਾਣਾ ਸੋਨਾ ਹੈ। ਉਕਤ ਲੋਕਾਂ ਨੇ ਸੋਨੇ ਨੂੰ ਬਾਹਰ ਕੱਢਣ ਲਈ ਪੈਸੇ ਦੀ ਮੰਗ ਕੀਤੀ ਸੀ।

ਕੁਝ ਦਿਨਾਂ ਬਾਅਦ ਅਬਦੁੱਲ ਜਵਾਹਰ, ਮਾਰੂਫ, ਫਰਜ਼ਾਨਾ ਪਤਨੀ ਅਬਦੁੱਲ ਜਵਾਹਰ ਅਤੇ ਅੰਕੂਰ ਵਾਸੀ ਲੁਹਾਰ ਮਾਜਰਾ ਸ਼ਿਕਾਇਤਕਰਤਾ ਦੇ ਘਰ ਆਏ। ਉਕਤ ਲੋਕਾਂ ਨੇ ਪੂਜਾ-ਪਾਠ ਦਾ ਢਕਵੰਜ ਕਰ ਕੇ ਉਸ ਦੀ ਰਸੋਈ ਹੇਠਲੀ ਜ਼ਮੀਨ 'ਚੋਂ ਸੋਨਾ ਕੱਢਣ ਦਾ ਦਾਅਵਾ ਕਰਦਿਆਂ ਸਿੱਕਿਆਂ ਨਾਲ ਭਰੀ ਡਰੰਮੀ ਦਿਖਾਈ। ਉਕਤ ਡਰੰਮੀ ਨੂੰ ਉਨ੍ਹਾਂ ਦੂਸਰੇ ਕਮਰੇ ਦੇ ਬੈੱਡ 'ਚ ਰਖਵਾ ਦਿੱਤਾ ਤੇ ਕਿਹਾ ਕਿ ਜੇਕਰ ਡਰੰਮੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇ ਜੀਅ ਮੌਤ ਹੋਣ ਦਾ ਖਤਰਾ ਬਣ ਜਾਵੇਗਾ।

ਸੋਨੇ ਨੂੰ ਸ਼ੁੱਧ ਕਰਨ ਲਈ ਸਤਨਾਮ ਸਿੰਘ ਕੋਲੋਂ 10 ਲੱਖ ਰੁਪਏ ਲੈ ਲਏ। ਬਾਅਦ 'ਚ ਘਰੋਂ ਕਲੇਸ਼ ਦੂਰ ਕਰਨ ਤੇ ਘਰ ਦਾ ਸ਼ੁੱਧੀਕਰਨ ਕਰਨ ਦੇ ਨਾਂ 'ਤੇ ਉਕਤ ਲੋਕ ਕਰੀਬ 12 ਲੱਖ ਰੁਪਏ ਹੋਰ ਲੈ ਗਏ। ਜਦ ਕੁਝ ਦਿਨਾਂ ਬਾਅਦ ਉਨ੍ਹਾਂ ਦੇਖਿਆ ਤਾਂ ਡਰੰਮੀ ਖਾਲੀ ਸੀ।

ਡੀਐੱਸਪੀ ਨੇ ਦੱਸਿਆ ਕਿ ਠੱਗੀ ਦਾ ਪਤਾ ਲੱਗਣ 'ਤੇ ਸਤਨਾਮ ਸਿੰਘ ਨੇ ਗਿਰੋਹ ਦੇ ਮੈਂਬਰਾਂ ਨਾਲ ਰਾਬਤਾ ਕਾਇਮ ਰੱਖਿਆ ਤਾਂ ਜੋ ਉਨ੍ਹਾਂ ਨੂੰ ਸ਼ੱਕ ਨਾ ਹੋ ਸਕੇ।

ਜਿਵੇਂ ਹੀ ਅਬਦੁੱਲ ਜਵਾਹਰ, ਉਸ ਦਾ ਭਰਾ ਮਾਰੂਵ, ਅਬਦੁੱਲ ਜਵਾਹਰ ਦੀ ਘਰਵਾਲੀ ਫਰਜਾਨਾ ਅਤੇ ਅੰਕੁਰ ਵਾਸੀ ਮੁਜਫਰਨਗਰ (ਯੂਪੀ) ਸਤਨਾਮ ਸਿੰਘ ਪਾਸੋਂ ਸੋਨੇ ਦੇ ਸ਼ੁੱਧੀਕਰਨ ਲਈ 10 ਲੱਖ ਰੁਪਏ ਹੋਰ ਲੈਣ ਆਏ ਤਾਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਐੱਸਐੱਚਓ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਬਦੁੱਲ ਜਵਾਹਰ, ਫਰਜਾਨਾ ਤੇ ਅੰਕੁਰ ਨੂੰ ਕਾਬੂ ਕਰ ਲਿਆ, ਜਦੋਂਕਿ ਮਾਰੂਫ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਿਹਾ। ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਲੋਕਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।