ਹਰਪ੍ਰੀਤ ਸਿੰਘ ਗਿੱਲ, ਫ਼ਤਹਿਗਡ਼੍ਹ ਸਾਹਿਬ : ਪੰਜਾਬ ਦੇ ਨੌਜਵਾਨ ਮੁੰਡੇ-ਕੁਡ਼ੀਆਂ ’ਚ ਵਿਦੇਸ਼ ਜਾਣ ਦੀ ਹੋਡ਼ ਲੱਗੀ ਹੋਈ ਹੈ। ਇਸ ਪ੍ਰਵਾਸ ’ਚ ਪੰਜਾਬ ਦੀ ਜਵਾਨੀ ਹੀ ਨਹੀਂ ਉੱਜੜ ਰਹੀ ਸਗੋਂ ਸਰਮਾਇਆ ਵੀ ਹਡ਼੍ਹ ਰਿਹਾ ਹੈ। ਇਕ ਸਰਵੇਖਣ ਮੁਤਾਬਕ ਹਰ ਸਾਲ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਂ ’ਤੇ 48 ਹਜ਼ਾਰ ਦੇ ਕਰੀਬ ਬੱਚੇ ਵਿਦੇਸ਼ ਜਾਣ ’ਚ ਕਾਮਯਾਬ ਹੁੰਦੇ ਹਨ ਜਿਹਡ਼ੇ ਫੀਸਾਂ ਦੇ ਰੂਪ ’ਚ 28000 ਕਰੋਡ਼ ਰੁਪਏ ਤੋਂ ਉੱਪਰ ਵਿਦੇਸ਼ੀ ਸਿੱਖਿਆ ਸੰਸਥਾਵਾਂ ਨੂੰ ਅਦਾ ਕਰ ਰਹੇ ਹਨ ਜੋ ਕਿ ਪੰਜਾਬ ਸਰਕਾਰ ਦੇ ਕੁੱਲ ਬਜਟ (2019-20) ਦਾ 19 ਫੀਸਦੀ ਬਣਦਾ ਹੈ।

ਆਦਿ ਕਾਲ ਤੋਂ ਮਨੁੱਖ ਰੋਜ਼ਗਾਰ ਦੇ ਬਿਹਤਰ ਮੌਕਿਆਂ ਲਈ ਉਪਜਾਊ ਵਸੀਲਿਆਂ ਵੱਲ ਪ੍ਰਵਾਸ ਕਰਦਾ ਰਿਹਾ ਹੈ ਪਰ ਇਸ ਪ੍ਰਵਾਸ ਦਾ ਮੁੱਖ ਕਾਰਨ ਕੁੱਲੀ, ਗੁੱਲੀ ਤੇ ਜੁੱਲੀ ਜਿਹੀਆਂ ਮੁੱਢਲੀਆਂ ਲੋਡ਼ਾਂ ਸੀ ਜਦਕਿ ਅਜੋਕੇ ਸਮੇਂ ’ਚ ਬਿਹਤਰ ਜੀਵਨ ਸ਼ੈਲੀ ਵਿਦਿਆਰਥੀ ਲਈ ਖਿੱਚ ਦਾ ਮੁੱਖ ਕਾਰਨ ਹੈ। ਵਿਦੇਸ਼ ’ਚ ਸੈਟਲ ਹੋਣ ਦੀ ਇਸ ਖਿੱਚ ਕਾਰਨ ਆਈਲੈੱਟਸ ਸੈਂਟਰ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਪਿੰਡਾਂ ਤਕ ਪਹੁੰਚ ਗਏ ਹਨ ਤੇ ਇਨ੍ਹਾਂ ਸੈਂਟਰਾਂ ਦੇ ਇਸ਼ਤਿਹਾਰ ਪ੍ਰਾਈਮ ਲੋਕੇਸ਼ਨਾਂ ’ਤੇ ਲੱਗੇ ਵੱਡੇ ਹੋਰਡਿੰਗਾਂ ਤੋਂ ਪਿੰਡਾਂ ਦੇ ਟਿਊਬਵੈੱਲਾਂ ਦੀਆਂ ਕੰਧਾਂ ਤਕ ਨਜ਼ਰ ਆਉਂਦੇ ਹਨ। ਓਵਰਸੀਜ਼ ਮਾਈਗ੍ਰੇਸ਼ਨ ਆਫ ਸਟੂਡੈਂਟਸ ਫਰੌਮ ਪੰਜਾਬ ਰਿਸਰਚ ਰਿਪੋਰਟ ’ਚ ਦੋਆਬਾ ਤੇ ਮਾਲਵਾ ਦੇ 100 ਟਰੈਵਲ ਏਜੈਂਟਸ, 150 ਆਈਲੈੱਟਸ ਸੈਂਟਰ ਤੇ ਕੁਝ ਬੈਂਕ ਅਧਿਕਾਰੀਆਂ ਰਾਹੀਂ ਕੀਤੀ ਪਡ਼ਤਾਲ ਤੋਂ ਪਤਾ ਚੱਲਿਆ ਕਿ ਸੂਬੇ ਦੇ 75 ਪ੍ਰਤੀਸ਼ਤ ਮਾਪੇ ਆਪਣੇ ਬੱਚੇ ਵਿਦੇਸ਼ ’ਚ ਸੈਟਲ ਕਰਨਾ ਚਾਹੁੰਦੇ ਹਨ ਅਤੇ 80 ਪ੍ਰਤੀਸਤ ਬੱਚੇ ਵੀ ਇਹੋ ਚਾਹੁੰਦੇ ਹਨ। ਸੂਬੇ ਦੇ 3.5 ਲੱਖ ਵਿਦਿਆਰਥੀ ਹਰ ਸਾਲ ਆਈਲੈੱਟਸ ਦੀ ਪ੍ਰੀਖਿਆ ਦਿੰਦੇ ਹਨ ਜਿਸ ’ਤੇ ਲਗਪਗ 500 ਕਰੋਡ਼ ਰੁਪਏ ਖਰਚ ਹੋ ਰਹੇ ਹਨ। ਵਿਦੇਸ਼ ਜਾਣ ਦੀ ਕੋਸ਼ਿਸ਼ ’ਚ ਲੱਗੇ ਇਨ੍ਹਾਂ ਨੌਜਵਾਨਾਂ ’ਚੋਂ ਕਰੀਬ 48 ਹਜ਼ਾਰ ਹੀ ਵਿਦੇਸ਼ ਜਾਣ ’ਚ ਕਾਮਯਾਬ ਹੁੰਦੇ ਹਨ ਜਿਹਡ਼ੇ ਹਰ ਸਾਲ ਫੀਸਾਂ ਦੇ ਰੂਪ ’ਚ 28000 ਕਰੋਡ਼ ਰੁਪਏ ਤੋਂ ਵੱਧ ਵਿਦੇਸ਼ੀ ਸੰਸਥਾਵਾਂ ਨੂੰ ਅਦਾ ਕਰ ਰਹੇ ਹਨ। ਹਰ ਬੱਚਾ ਦੋ ਜਾਂ ਤਿੰਨ ਸਾਲ ਦੇ ਕੋਰਸ ’ਚ ਦਾਖਲਾ ਲੈਂਦਾ ਹੈ ਅਤੇ ਪ੍ਰਤੀ ਸਾਲ ਫੀਸ ਸਮੇਤ 15 ਤੋਂ 22 ਲੱਖ ਰੁਪਏ ਖਰਚ ਆਉਂਦਾ ਹੈ। ਸੂਬੇ ਲਈ ਪ੍ਰਵਾਸ ਇਕ ਬਹੁਤ ਵੱਡੀ ਸਮੱਸਿਆ ਬਣਨ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਿਰਫ ਪੰਜਾਬ ਸਰਕਾਰ ਦੇ ਕੁੱਲ ਬਜਟ ਦਾ 19 ਫੀਸਦੀ (ਸਾਲ 2019-20 ਲਈ 1,58,493 ਕਰੋਡ਼) ਹੀ ਬਾਹਰ ਨਹੀਂ ਜਾ ਰਿਹਾ ਸਗੋਂ ਸੂਬੇ ਦੀ ਜਵਾਨੀ ਅਤੇ ਕਮਾਊ ਪੁੱਤ ਵੀ ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿ ਰਹੇ ਹਨ।

ਇਹ ਨੰਗੇ-ਚਿੱਟੇ ਦਿਨ ਵਰਗੀ ਸੱਚਾਈ ਹੈ ਕਿ ਨੌਜਵਾਨ ਕਿਸੇ ਵੀ ਰਾਜ ਦਾ ਮੁੱਖ ਸਰਮਾਇਆ ਹੁੰਦੇ ਹਨ ਪ੍ਰੰਤੂ ਇਸ ਪ੍ਰਵਾਸ ਤੋਂ ਜਾਪਦਾ ਹੈ ਕਿ ਪੰਜਾਬ ਜਲਦ ਹੀ ਬੁੱਢਿਆਂ ਦਾ ਸੂਬਾ ਬਣ ਜਾਵੇਗਾ ਅਤੇ ਸੀਨੀਅਰ ਸਿਟੀਜ਼ਨਾਂ ਦੇ ਇਸ ਰਾਜ ਵਿਚ ਖਪਤ ਤੇ ਲਾਗਤ ਦੇ ਵਸੀਲੇ ਇਸ ਕਦਰ ਸਿਮਟ ਜਾਣਗੇ ਕਿ ਨਿੱਕੇ-ਨਿੱਕੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਕਾਰੋਬਾਰ ਵੀ ਬਾਜ਼ਾਰ ’ਚ ਮੰਗ ਨਾ ਰਹਿਣ ਕਾਰਨ ਮੰਦੇ ਦੀ ਲਪੇਟ ’ਚ ਆ ਜਾਣਗੇ ਜੋ ਪੰਜਾਬ ਲਈ ਬਹੁਤ ਵੱਡੀ ਆਰਥਿਕ ਮਾਰ ਹੋਵੇਗੀ ਅਤੇ ਇਸ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪ੍ਰੰਪਰਾਵਾਂ ਤੇ ਪ੍ਰਸਥਿਤੀਆਂ ’ਚ ਵੀ ਨਿਘਾਰ ਆਵੇਗਾ।

-ਡਾ. ਸੁਖਦੇਵ ਸਿੰਘ, ਸਾਬਕਾ ਪ੍ਰੋ. ਆਫ ਸੋਸ਼ੋਲੌਜੀ ਪੀਏਯੂ।

ਇਹ ਪ੍ਰਵਾਸ ਨਹੀਂ ਨਸਲਕੁਸ਼ੀ ਹੈ ਕਿਉਂਕਿ ਰਾਜਸੀ ਲੋਕਾਂ ਨੇ ਸਥਿਤੀ ਇਹ ਬਣਾ ਦਿੱਤੀ ਕਿ ਕਾਬਲ ਬੱਚਿਆਂ ਨੂੰ ਪੰਜਾਬ ’ਚ ਆਪਣਾ ਭਵਿੱਖ ਧੁੰਦਲਾ ਦਿਸਣ ਲੱਗ ਪਿਆ ਹੈ ਜਿਸ ਕਾਰਨ ਉਹ ਬਾਹਰ ਜਾ ਰਹੇ ਹਨ । ਪ੍ਰਵਾਸ ਕਰ ਰਹੇ ਬੱਚਿਆਂ ਦੀ ਅਗਲੀ ਪੀਡ਼੍ਹੀ ਨੂੰ ਪਹਿਲਾਂ ਪੰਜਾਬੀ ਦੇ ਅੱਖਰ ਭੁੱਲ ਜਾਣਗੇ ਤੇ ਫਿਰ ਪੰਜਾਬੀ ਵਿਰਸਾ, ਜਿਸ ਕਾਰਨ ਦੂਜੀ ਪੀਡ਼੍ਹੀ ’ਚ ਕੋਈ ਕੈਨੇਡੀਅਨ ਬਣ ਜਾਵੇਗਾ ਤੇ ਕੋਈ ਅਮਰੀਕਨ ਜਾਂ ਆਸਟ੍ਰੇਲੀਅਨ। ਰਹਿੰਦੀ ਕਸਰ ਰਾਜਸੀ ਪਾਰਟੀਆਂ ਕੱਢ ਰਹੀਆਂ ਹਨ ਜਿਹਡ਼ੀਆਂ ਵਿਦੇਸ ਜਾਣ ਵਾਸਤੇ ਵਿਦਿਆਰਥੀਆਂ ਨੂੰ ਕਰਜ਼ਾ ਦੇਣ ਦੀਆਂ ਪ੍ਰਪੋਜ਼ਲਾਂ ਦੇ ਰਹੀਆਂ ਹਨ।

-ਬਲਵੀਰ ਸਿੰਘ ਰਾਜੇਵਾਲ, ਕਿਸਾਨ ਆਗੂ।

ਭੇਡ਼ ਚਾਲ ਮਗਰ ਲੱਗ ਕੇ ਵਿਦੇਸ਼ ਜਾਣਾ ਸਮਝਦਾਰੀ ਨਹੀਂ : ਜਗਦੀਪ

ਚਡ਼੍ਹਦੀ ਉਮਰੇ ਇਕ ਤੋਂ ਬਾਅਦ ਦੂਜੇ ਮੁਲਕ ਪ੍ਰਵਾਸ ਕਰਨ ਵਾਲੇ ਜਗਦੀਪ ਸਿੰਘ ਜੋ ਹੁਣ ਕੈਨੇਡਾ ਦੇ ਐਡਮਿੰਟਨ ’ਚ ਟਰੱਕ ਚਲਾਉਂਦੇ ਹਨ, ਦਾ ਮੰਨਣਾ ਹੈ ਕਿ ਭਾਵੇਂ ਪ੍ਰਵਾਸ ਉਲਟ ਪ੍ਰਸਥਿਤੀਆਂ ’ਚੋਂ ਉਪਜਿਆ ਕੁਦਰਤੀ ਵਰਤਾਰਾ ਹੈ ਪ੍ਰੰਤੂ ਪ੍ਰਾਪਤ ਵਸੀਲਿਆਂ ਦਾ ਤੁਲਨਾਤਮਿਕ ਅਧਿਐਨ ਕਰਨ ਤੋਂ ਬਿਨਾਂ ਹੀ ਭੇਡਚਾਲ ਤਹਿਤ ਵਿਦੇਸ਼ਾਂ ਵੱਲ ਭੱਜਣਾ ਸਮਝਦਾਰੀ ਨਹੀਂ। ਉਸ ਨੇ ਕਿਹਾ ਕਿ ਡਾਲਰ ਜਾਂ ਪੌਂਡ ਦਰੱਖਤਾਂ ਨੂੰ ਨਹੀਂ ਲੱਗਦੇ, ਇੱਥੇ ਵੀ ਕਾਮਯਾਬ ਹੋਣ ਲਈ ਹੱਡ ਤੋਡ਼ਵੀਂ ਮਿਹਨਤ ਕਰਨੀ ਪੈਂਦੀ ਹੈ। ਉਸ ਨੇ ਦੱਸਿਆ ਕਿ ਅੱਜ-ਕੱਲ੍ਹ ਮਾਈਨਸ 40 ਡਿਗਰੀ ਤਾਪਮਾਨ ’ਤੇ ਜਦੋਂ ਸਡ਼ਕਾਂ ’ਤੇ ਹੱਦੋਂ ਵੱਧ ਬਰਫ ਪੈਣ ਕਾਰਨ ਬੇਹੱਦ ਤਿਲਕਣ ਹੁੰਦੀ ਹੈ ਤਾਂ ਜਾਨ ਜੋਖਮ ’ਚ ਪਾ ਕੇ ਟਰੱਕ ਚਲਾਉਂਦੇ ਹਾਂ ਤਾਂ ਜੋ ਚੰਗੇ ਜੀਵਨ ਨਿਰਭਾਅ ਲਈ ਗੱਡੀ ਰੁਡ਼੍ਹਦੀ ਰਹੇ।

Posted By: Tejinder Thind