ਗੁਰਪ੍ਰੀਤ ਸਿੰਘ ਮਹਿਕ, ਫ਼ਤਹਿਗੜ੍ਹ ਸਾਹਿਬ : ਮਾਲੇਰਕੋਟਲਾ ਨੇੜੇ ਇਕ ਗ੍ਰੰਥੀ ਦੇ ਨਾਲ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਨ ਮਗਰੋਂ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾ ਰਾਮ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਵੀਰਵਾਰ ਨੂੰ ਪੀੜਤ ਗ੍ਰੰਥੀ ਹਰਦੇਵ ਸਿੰਘ ਨੇ ਸਰਹਿੰਦ ਵਿਖੇ ਪ੍ਰਧਾਨ ਗੇਜਾ ਰਾਮ ਦੇ ਨਿਵਾਸ ਸਥਾਨ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਗ੍ਰੰਥੀ ਦਾ ਮੂੰਹ ਕਾਲਾ ਕਰਨ ਅਤੇ ਉਸ ਨੂੰ ਪਿਸ਼ਾਬ ਪਿਆਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਬਾਰੇ ਸੀਨੀਅਰ ਭਾਜਪਾ ਨੇਤਾ ਗੇਜਾ ਰਾਮ ਨੇ ਕਿਹਾ ਕਿ ਇਹ ਬੜੀ ਸ਼ਰਮਨਾਕ ਘਟਨਾ ਹੈ ਜਿਸ ਨੇ ਅੱਜ ਤੋਂ 200-300 ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਕਹਿਣ ਨੂੰ ਸਮਾਜ ’ਚੋਂ ਵਿਤਕਰਾ ਖ਼ਤਮ ਹੋਇਆ ਹੈ ਪ੍ਰੰਤੂ ਸੱਚਾਈ ਸਾਰਿਆਂ ਦੇ ਸਾਹਮਣੇ ਹੈ।

ਚੇਅਰਮੈਨ ਨੇ ਕਿਹਾ ਕਿ ਹਰਦੇਵ ਸਿੰਘ ਵਾਲਮੀਕਿ ਸਮਾਜ ਨਾਲ ਸਬੰਧਤ ਹੈ ਜਿਸ ਕਰਕੇ ਪਹਿਲਾਂ ਉਸ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨੌਕਰੀ ਤੋਂ ਹਟਾਇਆ ਗਿਆ ਅਤੇ ਫਿਰ ਕੋਠੀ ਦੇ ਮਹੂਰਤ ਮੌਕੇ ਅਰਦਾਸ ਕਰਨ ਬਹਾਨੇ ਬੁਲਾ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੇਜਾ ਰਾਮ ਨੇ ਪੁਲਿਸ ਦੀ ਕਾਰਵਾਈ ’ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੜਕਾਂ ਉਪਰ ਆਉਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ ਜਾਵੇਗਾ।

ਪੀੜਤ ਗ੍ਰੰਥੀ ਨੇ ਆਪਣਾ ਪੱਖ ਰੱਖਿਆ

ਗ੍ਰੰਥੀ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਕੁੱਟਿਆ ਗਿਆ ਅਤੇ ਫਿਰ ਮੂੰਹ ਕਾਲਾ ਕੀਤਾ ਗਿਆ। ਉਸ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਫਿਰ ਪਿਸ਼ਾਬ ਪਿਆਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਭਰਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਵੀ ਕੱਪੜੇ ਲਾਹ ਕੇ ਵੀਡੀਓ ਬਣਾਈ ਗਈ। ਜਦੋਂ ਫ਼ਤਹਿਗੜ੍ਹ ਸਾਹਿਬ ਇਕ ਸਮਾਗਮ ’ਚ ਸ਼ਿਰਕਤ ਕਰਨ ਆਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਕਤ ਗ੍ਰੰਥੀ ਨਾਲ ਵਾਪਰੀ ਘਟਨਾ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਕਿਉਂਕਿ ਉਹ ਸਵੇਰ ਦੇ ਇਕ ਧਾਰਮਿਕ ਸਮਾਗਮ ’ਚ ਰੁਝੇ ਹੋਏ ਸਨ। ਫਿਰ ਵੀ ਉਨ੍ਹਾਂ ਕਿਹਾ ਕਿ ਇਹ ਮਾੜੀ ਗੱਲ ਹੈ।

Posted By: Jagjit Singh