ਧਰਮਿੰਦਰ ਸਿੰਘ, ਫਤਹਿਗੜ੍ਹ ਸਾਹਿਬ : ਅਮਲੋਹ 'ਚ ਸਰਕਾਰ ਵੱਲੋਂ ਵੰਡੀਆਂ ਜਾਣ ਵਾਲੀਆਂ ਰਾਸ਼ਨ ਕਿੱਟਾਂ 'ਚ ਆਟੇ ਨੂੰ ਸੁੰਡੀ ਲੱਗਣ ਦੇ ਮਾਮਲੇ ਦੀ ਜਾਂਚ ਕਰਨ ਦੀ ਥਾਂ ਪ੍ਰਸ਼ਾਸਨ ਉਸ ਨੂੰ ਦਬਾਉਣ 'ਚ ਲੱਗਾ ਹੈ। ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਜਾਂਚ ਲਈ ਨਾ ਐੱਸਡੀਐੱਮ ਪੁੱਜੇ ਤੇ ਨਾ ਹੀ ਗੋਦਾਮ ਦਾ ਜ਼ਿੰਦਾ ਖੋਲਿ੍ਆ ਗਿਆ। ਪ੍ਰਸ਼ਾਸਨ ਦੀ ਇਸ ਢਿੱਲ ਤੋਂ ਲੱਗਦਾ ਹੈ ਕਿ ਰਾਸ਼ਨ ਨੂੰ ਰਾਤੋ-ਰਾਤ ਗਾਇਬ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇਤਾਵਾਂ ਨੇ ਗੋਦਾਮ ਦੇ ਆਲੇ-ਦੁਆਲੇ ਆਪਣੇ ਕਾਰਕੁੰਨਾਂ ਦਾ ਪਹਿਰਾ ਲਾ ਦਿੱਤਾ ਹੈ।

ਦਰਅਸਲ, ਸ਼ੁੱਕਰਵਾਰ ਨੂੰ ਆਟੇ 'ਚੋਂ ਸੁੰਡੀ ਨਿਕਲਣ ਤੋਂ ਬਾਅਦ ਪ੍ਰਸ਼ਾਸਨ ਨੇ ਜਲਦਬਾਜ਼ੀ 'ਚ ਗੋਦਾਮ ਨੂੰ ਸੀਲ ਕਰ ਦਿੱਤਾ ਸੀ। ਜਾਂਚ ਅਧਿਕਾਰੀ ਤੇ ਐੱਸਡੀਐੱਮ ਆਨੰਦ ਸਾਗਰ ਨੇ ਕਿਹਾ ਸੀ ਕਿ ਸੋਮਵਾਰ ਨੂੰ ਸਾਰਿਆਂ ਦੇ ਸਾਹਮਣੇ ਜ਼ਿੰਦਾ ਖੋਲਿ੍ਆ ਜਾਵੇਗਾ। ਦੋਬਾਰਾ ਤਿੰਨ ਵਜੇ ਦਾ ਸਮਾਂ ਦਿੱਤਾ ਪਰ ਸ਼ਾਮ ਤਕ ਨਹੀਂ ਪੁੱਜੇ। ਗੱਲ ਕਰਨ 'ਤੇ ਉਨ੍ਹਾਂ ਨੇ ਮੰਨਿਆ ਕਿ ਕਿੱਟ 'ਚੋਂ ਆਟਾ ਖ਼ਰਾਬ ਨਿੱਕਲ ਰਿਹਾ ਹੈ, ਸਾਰਿਆਂ ਤੋਂ ਪਹਿਲਾਂ ਉਸ ਨੂੰ ਬਦਲਿਆ ਜਾਵੇਗਾ।

ਉਧਰ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੁਝ ਦਿਨ ਪਹਿਲਾਂ ਮੰਡੀ ਗੋਬਿੰਦਗੜ੍ਹ ਤੋਂ ਆਈਆਂ ਇਨ੍ਹਾਂ 550 ਕਿੱਟਾਂ 'ਚੋਂ 125 ਕਿੱਟਾਂ ਕੁਝ ਕੌਂਸਲਰਾਂ ਨੂੰ ਵੰਡਣ ਲਈ ਦਿੱਤੀ ਗਈ ਸੀ। ਕਿੱਟਾਂ 'ਚ ਸੁੰਡੀ ਹੋਣ ਕਾਰਨ ਕੌਂਸਲਰਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਡਰੋਂ ਇਸ ਨੂੰ ਵੰਡਿਆ ਨਹੀਂ। ਕਿੱਟਾਂ ਉਨ੍ਹਾਂ ਦੇ ਘਰਾਂ 'ਚ ਹੀ ਹੈ।

ਉੱਧਰ ਸੋਮਵਾਰ ਨੂੰ ਸਾਰਾ ਦਿਨ ਕੋਈ ਜਾਂਚ ਕਰਨ ਨਾ ਪੁੱਜੇ ਤਾਂ ਗੋਦਾਮ ਦੇ ਸਾਹਮਣੇ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਤੇ ਹੋਰ ਨੇਤਾ ਧਰਨੇ 'ਤੇ ਬੈਠ ਗਏ। ਸ਼ਾਮ ਤਕ ਸਾਰੇ ਧਰਨੇ 'ਤੇ ਬੈਠੇ ਰਹੇ। ਗਰਗ ਨੇ ਦੱਸਿਆ ਕਿ ਮਾਮਲਾ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਧਿਆਨ 'ਚ ਲਿਆਂਦਾ ਗਿਆ ਹੈ।

ਉਹ ਮਾਮਲੇ ਨੂੰ ਲੈ ਕੇ ਰਾਜਪਾਲ ਨੂੰ ਪੱਤਰ ਭੇਜਣਗੇ ਤੇ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਲਿਖ ਕੇ ਕੇਂਦਰ ਪੱਧਰ 'ਤੇ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਜਾਂਚ ਅਧਿਕਾਰੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਕਾਉਂਦੇ ਹੋਏ ਕਿਹਾ ਕਿ 'ਜਾਂਚ ਕਰਨਾ ਪ੍ਰਸ਼ਾਸਨ ਦਾ ਕੰਮ ਹੈ। ਉਹ ਆਪਣੇ ਹਿਸਾਬ ਨਾਲ ਕਰ ਲੈਣਗੇ। ਜੇਕਰ ਧਰਨੇ-ਪ੍ਰਦਰਸ਼ਨ ਕਰ ਕੇ ਅਮਨ ਸ਼ਾਂਤੀ ਭੰਗ ਕੀਤੀ ਗਈ ਤਾਂ ਪਰਚਾ ਦਰਜ ਕੀਤਾ ਜਾਵੇਗਾ।'

ਐੱਸਡੀਐੱਮ ਕਰ ਰਹੇ ਨੇ ਜਾਂਚ : ਡੀਸੀ

ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਐੱਸਡੀਐੱਮ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ 'ਚ ਕੋਈ ਦੇਰੀ ਨਹੀਂ ਹੋਵੇਗੀ।

ਸਭ ਤੋਂ ਪਹਿਲਾਂ ਬਦਲਿਆ ਜਾਵੇਗਾ ਆਟਾ : ਐੱਸਡੀਐੱਮ

ਅਮਲੋਹ ਦੇ ਐੱਸਡੀਐੱਮ ਆਨੰਦ ਸਾਗਰ ਨੇ ਸ਼ਰਮਾ ਨੇ ਕਿਹਾ ਕਿ ਸਭ ਤੋਂ ਪਹਿਲਾ ਕੰਮ ਕਿੱਟਾਂ 'ਚੋਂ ਆਟਾ ਬਦਲਣਾ ਹੈ। ਆਟਾ ਬਦਲ ਕੇ ਲੋੜਵੰਦਾਂ ਤਕ ਸਾਫ ਰਾਸ਼ਨ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਇਹ ਜਾਂਚ ਹੋਵੇਗੀ ਕਿ ਆਟਾ ਖ਼ਰਾਬ ਹੋਣ ਪਿੱਛੇ ਕਿਸ ਦੀ ਲਾਪਰਵਾਹੀ ਹੈ। ਪ੍ਰਸ਼ਾਸਨ ਵੱਲੋਂ ਕਿਸੇ ਨੂੰ ਵੀ ਡਰਾਇਆ ਧਮਕਾਇਆ ਨਹੀਂ ਗਿਆ।