ਜਾਗਰਣ ਟੀਮ, ਫ਼ਤਹਿਗੜ੍ਹ ਸਾਹਿਬ : ਕੁੰਡਲੀ ਹੱਦ 'ਤੇ ਲਖਬੀਰ ਟੀਟੂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿਚ ਕਾਬੂ ਕੀਤੇ 25 ਸਾਲਾ ਭਗਵੰਤ ਸਿੰਘ ਤੇ 21 ਸਾਲਾ ਗੋਬਿੰਦਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਦੇ ਵਸਨੀਕ ਬਲਵਿੰਦਰ ਸਿੰਘ ਦੇ ਜਥੇ 'ਮੋਇਆਂ ਦੀ ਮੰਡੀ' ਨਾਲ ਜੁੜੇ ਹੋਏ ਹਨ। ਇਨ੍ਹਾਂ ਦਾ ਡੇਰਾ ਪਿੰਡ ਹਰਲਾਲਪੁਰ ਵਿਚ ਹੈ। ਬਾਬਾ ਬਲਵਿੰਦਰ ਸਿੰਘ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਪਿੱਛੋਂ ਪੂਰਨਪੁਰ ਯੂਪੀ ਦਾ ਹੈ ਤੇ ਲਗਪਗ 16 ਸਾਲਾਂ ਤੋਂ ਜਥੇ ਨਾਲ ਜੁੜਿਆ ਹੈ। ਇਵੇਂ ਹੀ ਗੋਬਿੰਦਪ੍ਰੀਤ ਅੰਮਿ੍ਤਸਰ ਦਾ ਹੈ ਤੇ ਲਗਪਗ ਛੇ ਸਾਲਾਂ ਤੋਂ ਨਾਲ ਜੁੜਿਆ ਹੋਇਆ ਹੈ।

ਦੋਵੇਂ ਜਣੇ ਅਣਵਿਆਹੇ ਹਨ। ਇਹ ਦੋਵੇਂ ਜਣੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਬਲਵਿੰਦਰ ਸਿੰਘ ਦੀ ਅਗਵਾਈ ਵਿਚ 2 ਫਰਵਰੀ ਨੂੰ ਕੁੰਡਲੀ ਹੱਦ 'ਤੇ ਗਏ ਸਨ। ਉਥੇ ਪਾਲਕੀ ਸਾਹਿਬ ਸੁਸ਼ੋਭਿਤ ਕੀਤੀ ਗਈ ਹੈ। ਭਗਵੰਤ ਉਥੇ ਗ੍ੰਥੀ ਵਜੋਂ ਡਿਊਟੀ ਨਿਭਾਅ ਰਿਹਾ ਸੀ। ਗੋਬਿੰਦਪ੍ਰੀਤ, ਘੋੜਿਆਂ ਦੀ ਸੰਭਾਲ ਕਰਦਾ ਸੀ। ਤਜਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ ਖੇਤੀ ਸੁਧਾਰ ਕਾਨੂੰਨਾਂ ਦੇ ਰੱਦ ਹੋਣ ਤਕ ਨਹੀਂ ਪਰਤਾਂਗੇ।

ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਦਾ ਮੁਲਜ਼ਮ ਲਖਬੀਰ ਸੀ ਪਰ ਉਸ ਦੇ ਪਰਿਵਾਰ ਤੇ ਨਿੱਕੀਆਂ ਨਿੱਕੀਆਂ ਧੀਆਂ ਨਾਲ ਜਿਵੇਂ ਵਤੀਰਾ ਕੀਤਾ ਜਾ ਰਿਹਾ ਹੈ, ਇਸ ਦੀ ਨੁਕਤਾਚੀਨੀ ਕਰਦੇ ਹਾਂ। ਉਸ ਦੇ ਪਰਿਵਾਰ ਤਾਂ ਕੋਈ ਗ਼ਲਤੀ ਨਹੀਂ ਹੈ।