ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਭਾਦਸੋਂ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਤੇ ਕੱਪੜਾ ਵਪਾਰੀ ਵੱਲੋਂ ਵਪਾਰ 'ਚ ਘਾਟਾ ਪੈਣ ਕਾਰਨ ਸਰਹਿੰਦ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਿ੍ਤਕ ਦੀ ਪਛਾਣ ਚਰਨਜੀਤ ਕੌੜਾ (40) ਵਾਸੀ ਭਾਦਸੋਂ ਵਜੋਂ ਹੋਈ। ਉਸ ਦੀ ਲਾਸ਼ ਬੁੱਧਵਾਰ ਨੂੰ ਪਿੰਡ ਜਾਲਖੇੜਾ ਨਹਿਰ 'ਚੋਂ ਬਰਾਮਦ ਹੋਈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੂਲੇਪੁਰ ਦੇ ਸਬ ਇੰਸਪੈਕਟਰ ਗੁਰਬਚਨ ਸਿੰਘ ਨੇ ਦੱਸਿਆ ਕਿ ਚਰਨਜੀਤ ਕੌੜਾ ਨੂੰ ਵਪਾਰ 'ਚ ਘਾਟਾ ਪੈ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰਰੇਸ਼ਾਨ ਰਹਿੰਦਾ ਸੀ।

ਚਰਨਜੀਤ ਬਾਅਦ ਦੁਪਹਿਰ ਕਰੀਬ ਡੇਢ ਵਜੇ ਆਪਣੀ ਕਾਰ ਰਾਹੀਂ ਨਹਿਰ ਪੁਲ ਚਨਾਰਥਲ ਪਹੁੰਚਿਆ। ਜਿੱਥੇ ਕਾਰ ਖੜ੍ਹੀ ਕਰ ਨਹਿਰ 'ਚ ਛਾਲ ਮਾਰ ਦਿੱਤੀ। ਕੁਝ ਘੰਟੇ ਬਾਅਦ ਉਸ ਦੀ ਲਾਸ਼ ਜਾਲਖੇੜਾ ਤੋਂ ਬਰਾਮਦ ਹੋਈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ, ਵੀਰਵਾਰ ਨੂੰ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।