ਗੁਰਚਰਨ ਸਿੰਘ ਜੰਜੂਆ, ਮੰਡੀ ਗੋਬਿੰਦਗੜ੍ਹ : ਪਿੰਡ ਕੋਟਲਾ ਡਡਹੇੜੀ ਦਾ ਗੁਰਚਰਨ ਸਿੰਘ ਇਕ ਸਫਲ ਕਿਸਾਨ ਹੈ। ਜੋ ਬਹੁਤ ਹੀ ਮਿਹਨਤੀ, ਪੜਿ੍ਹਆ-ਲਿਖਿਆ ਨੌਜਵਾਨ ਕਿਸਾਨ ਹੈ, ਜਿਸ ਨੇ ਆਪਣੀ ਅਣਥੱਕ ਮਿਹਨਤ ਨਾਲ ਉੱਚੀਆਂ ਮੱਲਾਂ ਮਾਰੀਆਂ ਹਨ। ਉਹ ਖੇਤੀਬਾੜੀ ਦਫਤਰ ਅਮਲੋਹ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ। ਉਸ ਨੇ ਪਿਛਲੇ 3 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਖੇਤਾਂ ਵਿਚ ਹੀ ਮਿਲਾ ਕੇ ਖੇਤਾਂ ਦੀ ਵਾਹੀ ਕਰਦਾ ਹੈ। ਉਹ ਲਗਪਗ 30 ਏਕੜ ਰਕਬੇ ਵਿਚ ਖੇਤੀ ਕਰਦਾ ਹੈ, ਜਿਸ 'ਚੋਂ 3.5 ਏਕੜ ਜ਼ਮੀਨ ਦਾ ਉਹ ਖੁਦ ਮਾਲਕ ਹੈ ਅਤੇ ਲਗਪਗ 26.5 ਏਕੜ ਖੇਤੀ ਉਹ ਠੇਕੇ 'ਤੇ ਕਰਦਾ ਹੈ ਅਤੇ ਚੰਗਾ ਮੁਨਾਫਾ ਕਮਾ ਰਿਹਾ ਹੈ। ਉਹ ਸਾਲ 2012 ਤੋਂ ਪਿਆਜ਼ ਦੀ ਖੇਤੀ ਵੀ ਕਰ ਰਿਹਾ ਹੈ। ਹਰ ਸਾਲ ਉਹ ਲਗਭਗ 5-7 ਏਕੜ ਰਕਬੇ ਵਿੱਚ ਪਿਆਜ ਦੀ ਖੇਤੀ ਕਰਦਾ ਹੈ। ਇਹ ਕਿਸਾਨ ਪਿਆਜ਼ ਦੀ ਖੇਤੀ ਨਾਲ ਲਗਪਗ 01 ਲੱਖ ਰੁਪਏ ਪ੍ਰਤੀ ਏਕੜ ਨਾਲ ਮੁਨਾਫਾ ਕਮਾ ਰਿਹਾ ਹੈ। ਖੇਤੀਬਾੜੀ ਦੇ ਨਾਲ ਨਾਲ ਉਸਨੇ ਸਹਾਇਕ ਧੰਦੇ ਦੇ ਤੌਰ ਤੇ ਡੇਅਰੀ ਫਾਰਮ ਵੀ ਖੋਲਿਆ ਹੋਇਆ ਹੈ। ਆਪਣੀ ਅਣਥੱਕ ਮਿਹਨਤ ਸਦਕਾ ਕਿਰਾਏ 'ਤੇ ਵਾਹੀ ਦਾ ਕੰਮ ਵੀ ਕਰਦਾ ਹੈ। ਉਸ ਕੋਲ ਆਪਣੇ 2 ਟਰੈਕਟਰ, 2 ਰੋਟਾਵੇਟਰ, 2 ਹਲ, ਸੁਹਾਗੇ, ਤਵੀਂਆਂ ਤੇ ਖੇਤੀਬਾੜੀ ਦੇ ਸਾਰੇ ਆਧੁਨਿਕ ਸੰਦ ਹਨ।