ਪੱਤਰ ਪ੍ਰੇਰਕ, ਅਮਲੋਹ : ਸੂਬੇ 'ਚ ਕਈ ਅਜਿਹੇ ਕਿਸਾਨ ਹਨ, ਜੋ ਅਗਾਂਹਵਧੂ ਸੋਚ ਦੇ ਧਾਰਨੀ ਹੋਣ ਕਾਰਨ ਜਿਥੇ ਵੱਧ ਮੁਨਾਫਾ ਕਮਾ ਰਹੇ ਹਨ, ਉਥੇ ਹੀ ਹੋਰਨਾਂ ਲਈ ਰਾਹ ਦਸੇਰਾ ਵੀ ਬਣੇ ਹੋਏ ਹਨ।

ਅਜਿਹਾ ਹੀ ਕਿਸਾਨ ਹੈ ਪਿੰਡ ਧਰਮਗੜ੍ਹ, ਅਮਲੋਹ ਦਾ ਇੰਦਰਜੀਤ ਸਿੰਘ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਫੂਕੇ ਬਿਨਾਂ ਫ਼ਸਲਾਂ ਦੀ ਬਿਜਾਈ ਕਰ ਕੇ ਜਿਥੇ ਵਾਧੂ ਝਾੜ ਲਿਆ ਹੈ, ਉਥੇ ਹੀ ਵਾਤਾਵਰਨ ਦੀ ਸੰਭਾਲ 'ਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ।

ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਜ਼ਮੀਨ 'ਚ ਰਲਾਉਣ ਨਾਲ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ, ਫ਼ਸਲਾਂ ਦੇ ਝਾੜ ਅਤੇ ਆਮਦਨ 'ਚ ਖਾਸਾ ਵਾਧਾ ਹੋਇਆ ਹੈ। ਉਕਤ ਕਿਸਾਨ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ।

ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ 14 ਸਾਲ ਦੀ ਉਮਰ ਤੋਂ ਖੇਤੀ ਕਰ ਰਿਹਾ ਹੈ ਤੇ ਖੇਤੀ 'ਚ ਉਸ ਦਾ 30 ਸਾਲਾਂ ਦਾ ਤਜਰਬਾ ਹੈ। ਉਸ ਦੀ ਆਪਣੀ 13 ਕਿੱਲੇ ਜ਼ਮੀਨ ਹੈ ਤੇ ਕਰੀਬ 250 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਉਹ ਖੇਤੀ ਕਰ ਰਿਹਾ ਹੈ। ਉਸ ਵੱਲੋਂ ਕੀਤੀ ਜਾ ਰਹੀ ਮਿਹਨਤ ਸਦਕਾ 20 ਹੋਰ ਪਰਿਵਾਰਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ। ਉਸ ਵੱਲੋਂ ਰਵਾਇਤੀ ਫਸਲਾਂ ਦੇ ਨਾਲ-ਨਾਲ ਆਲੂਆਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਆਧੁਨਿਕ ਢੰਗਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਲਾਗੂ ਕਰਦਾ ਹੈ।