ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਹਨੇਰੀ ਕਾਰਨ ਪਿੰਡ ਬਲਾੜੀ ਕਲਾਂ ਵਿਖੇ ਪਿ੍ਰਤਪਾਲ ਸਿੰਘ ਦੇ ਨਵੇਂ ਬਣ ਰਹੇ ਮਕਾਨ 'ਤੇ ਦਰੱਖਤ ਡਿੱਗਣ ਕਾਰਨ ਨਵੇਂ ਲੈਂਟਰ ਵਿਚ ਤਰੇੜਾਂ ਆ ਗਈਆਂ ਅਤੇ ਲੈਂਟਰ ਹੇਠਾਂ ਧੱਸ ਗਿਆ। ਪੀੜਤ ਪਿਤਪਾਲ ਸਿੰਘ ਅਤੇ ਪਿੰਡ ਵਾਸੀ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਦੇ ਸਕੂਲ ਵਿਚ ਵੱਡੇ ਤੇ ਮੋਟੇ ਦਰੱਖਤ ਮਕਾਨਾਂ ਦੇ ਨਾਲ-ਨਾਲ ਹਨ। ਇਸ ਸਬੰਧੀ ਪੰਚਾਇਤ ਵੱਲੋਂ ਉਨ੍ਹਾਂ ਦਰੱਖਤਾਂ ਨੂੰ ਕੱਟਣ ਲਈ ਸਬੰਧਤ ਵਿਭਾਗ ਨੂੰ ਲਿਖਤੀ ਦਿੱਤਾ ਹੋਇਆ ਹੈ ਪਰ ਕੋਈ ਹੱਲ ਨਹੀਂ ਹੋਇਆ ਅਤੇ ਹਨੇਰੀ ਕਾਰਨ ਦਰੱਖਤ ਲੋਕਾਂ ਦੇ ਮਕਾਨਾਂ 'ਤੇ ਡਿੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਮਕਾਨ ਦਰੱਖਤਾਂ ਦੇ ਨੇੜੇ ਹਨ ਉਨ੍ਹਾਂ ਨੂੰ ਹਨੇਰੀ ਚੱਲਣ ਸਮੇਂ ਡਰ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਦਰੱਖਤਾਂ ਦੀ ਕਟਾਈ ਕਰਵਾਈ ਜਾਵੇ।