ਜੇਐੱਨਐੱਨ, ਫਤਹਿਗੜ੍ਹ ਸਾਹਿਬ : ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ 14 ਜਨਵਰੀ ਤੋਂ ਲਾਪਤਾ ਹਨ। ਉਨ੍ਹਾਂ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਲੱਗਾ। ਕੁਲਦੀਪ ਸਿੰਘ ਢਿੱਲੋਂ ਖੰਨਾ ਦੇ ਨਜ਼ਦੀਕੀ ਪਿੰਡ ਮਾਨੂੰਪੁਰ ’ਚ ਰਹਿੰਦੇ ਹਨ। ਉਹ ਖਮਾਣੋਂ ਦੇ ਪਿੰਡ ਬਰਵਾਲੀ ਖੁਰਦ ਦੇ ਸਰਕਾਰੀ ਮਿਡਲ ਸਕੂਲ ’ਚ ਮੁੱਖ ਅਧਿਆਪਕ ਹਨ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ’ਤੇ ਕੁਲਦੀਪ ਸਿੰਘ ਬੱਸੀ ਪਠਾਨਾ ਦੇ ਪਿੰਡ ਗੰਡੂਆ ਖੁਰਦ ਦੇ ਗੁਰਦੁਆਰਾ ਸਾਹਿਬ ’ਚ ਆਪਣੀ ਡੈਟਸਨ ਰੈਡੀ-ਗੋ ਕਾਰ ’ਚ ਆਏ ਸਨ। ਇਸ ਮਗਰੋਂ ਉਹ ਘਰ ਨਹੀਂ ਪਰਤੇ। ਪਿਤਾ ਦੇ ਲਾਪਤਾ ਹੋਣ ’ਤੇ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਘਰ ਪਰਤ ਆਏ ਸਨ। ਕੁਝ ਦਿਨ ਪਹਿਲਾਂ ਪਿਤਾ ਦੀ ਕਾਰ ਪਿੰਡ ਗੰਡੂਆ ਖੁਰਦ ’ਚ ਮਿਲਣ ’ਤੇ ਥਾਣਾ ਬੱਸੀ ਪਠਾਨਾ ’ਚ ਉਨ੍ਹਾਂ ਦੀ ਗੁਮਸ਼ੁਦਗੀ ਰਿਪੋਰਟ ਦਰਜ ਕਰਵਾਈ ਗਈ। ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ’ਚ ਕੁਲਦੀਪ ਪੈਦਲ ਜਾਂਦੇ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ।

ਬੱਸੀ ਪਠਾਨਾ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਕੁਲਦੀਪ ਦੇ ਮੋਬਾਈਲ ਦੀ ਲੋਕੇਸ਼ਨ ਉਨ੍ਹਾਂ ਦੇ ਮਾਨੂੰਪੁਰ ਸਥਿਤ ਘਰ ਦੀ ਆ ਰਹੀ ਹੈ। ਕੀ ਉਹ ਫੋਨ ਸਵਿਚ ਆਫ ਕਰ ਕੇ ਨਿਕਲੇ ਸਨ ਜਾਂ ਫਿਰ ਗੁਰਦੁਆਰਾ ਸਾਹਿਬ ’ਚ ਕਾਰ ਖੜ੍ਹੀ ਕਰਨ ਤੋਂ ਬਾਅਦ ਦੁਬਾਰਾ ਘਰ ਆਏ। ਇਸ ਗੱਲ ਦਾ ਪਤਾ ਪੁਲਿਸ ਲਗਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਕਾਲ ਵੇਰਵੇ ਜਾਂਚਣ ਦੇ ਨਾਲ-ਨਾਲ ਸਕੂਲ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਕ ਦਰਜਨ ਗੋਤਾਖੋਰ ਕਰ ਰਹੇ ਭਾਲ

ਕੁਲਦੀਪ ਦੇ ਭਾਖੜਾ ਨਹਿਰ ’ਚ ਛਾਲ ਮਾਰਨ ਦੇ ਖਦਸ਼ੇ ਵਿਚਾਲੇ ਇਕ ਦਰਜਨ ਦੇ ਕਰੀਬ ਗੋਤਾਖੋਰਾਂ ਦੀ ਟੀਮ ਉਨ੍ਹਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਕੋਈ ਸੁਰਾਗ ਮਿਲ ਸਕੇ। ਪੰਜਾਬ ਦੇ ਨਾਲ ਲੱਗੇ ਹਰਿਆਣਾ ਦੇ ਕੁਝ ਇਲਾਕਿਆਂ ’ਚ ਜਿਥੋਂ ਭਾਖੜਾ ਨਹਿਰ ਨਿਕਲਦੀ ਹੈ, ’ਚ ਵੀ ਭਾਲ ਕੀਤੀ ਜਾ ਰਹੀ ਹੈ।

Posted By: Susheel Khanna