ਗੁਰਪ੍ਰੀਤ ਸਿੰਘ ਮਹਿਕ, ਫਤਹਿਗੜ੍ਹ ਸਾਹਿਬ : ਸੰਗਰੂਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਿਆਸਤ ਦਾ ਨਾਮੀ ਚਿਹਰਾ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਿਲ੍ਹਾ ਹਰਨਾਮ ਸਿੰਘ, ਤਲਾਣੀਆਂ ਦੇ ਵਾਸੀ ਸ਼ੋ੍ਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਜੇ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਕਈ ਵਿਧਾਨ ਸਭਾ, ਲੋਕ ਸਭਾ ਅਤੇ ਐੱਸਜੀਪੀਸੀ ਚੋਣਾਂ ਲੜੀਆਂ ਹਨ। ਉਹ ਪਹਿਲਾਂ ਸੰਗਰੂਰ ਅਤੇ ਤਰਨਤਾਰਨ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ।

ਮਾਨ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਵੱਧ ਅਧਿਕਾਰਾਂ ਸਮੇਤ ਹੋਰ ਸਿੱਖ ਮੁੱਦੇ ਉਠਾਉਣ ਲਈ ਪੰਜਾਬ ਦੀ ਸਿਆਸਤ ਵਿਚ ਜਾਣੇ ਜਾਂਦੇ ਹਨ। ਉਨ੍ਹਾਂ ਕੁਝ ਮਹੀਨੇ ਪਹਿਲਾਂ ਸੰਪੰਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਅਮਰਗੜ੍ਹ ਹਲਕੇ ਤੋਂ ਲੜੀਆਂ। ਅਮਰਗੜ੍ਹ ਸੀਟ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਾਨ ਦੇ ਹੱਕ ਵਿਚ ਉਮੀਦਵਾਰੀ ਛੱਡ ਦਿੱਤੀ ਸੀ ਜਿਸ ਕਾਰਨ ਮਾਨ ਨੇ ਉਸ ਹਲਕੇ ਵਿਚ ਕਾਫ਼ੀ ਵੋਟਾਂ ਪ੍ਰਾਪਤ ਕੀਤੀਆਂ ਪਰ ਚੋਣ ਹਾਰ ਗਏ।

ਮਾਨ ਦਾ ਜਨਮ 20 ਮਈ, 1945 ਵਿਚ ਹਿਮਾਚਲ ਪ੍ਰਦੇਸ਼ ਰਾਜ ਦੇ ਸ਼ਿਮਲਾ ਵਿਖੇ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਸਰਕਾਰੀ ਕਾਲਜ ਚੰਡੀਗੜ੍ਹ ਤੋਂ 1965 ਵਿਚ ਪੜ੍ਹਾਈ ਪੂਰੀ ਕਰਨ ਤੋ ਬਾਅਦ ਉਨ੍ਹਾਂ 1966 ਵਿਚ ਸਿਵਲ ਸੇਵਾਵਾਂ ਦੀ ਪ੍ਰਰੀਖਿਆ ਦਿੱਤੀ ਅਤੇ 1967 ਵਿਚ ਇੰਡੀਅਨ ਪੁਲਿਸ ਸਰਵਿਸ (ਆਈਪੀਐੱਸ) ਸੇਵਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਕੇਡਰ ਦਿੱਤਾ ਗਿਆ। 1967-1972 ਤਕ ਉਹ ਪੰਜਾਬ ਦੇ ਰਾਜਪਾਲ ਦੇ ਏਡੀਸੀ ਰਹੇ।

ਮਾਨ ਏਐੱਸਪੀ ਲੁਧਿਆਣਾ, ਐੱਸਐੱਸਪੀ ਿਫ਼ਰੋਜ਼ਪੁਰ, ਐੱਸਐੱਸਪੀ ਫ਼ਰੀਦਕੋਟ, ਐਡੀਸ਼ਨਲ ਇੰਸਪੈਕਟਰ ਜਨਰਲ ਆਫ਼ ਰੇਲਵੇ, ਪਟਿਆਲਾ, ਚੌਕਸੀ ਬਿਊਰੋ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ, ਪੰਜਾਬ ਆਰਮਜ਼ ਪੁਲਿਸ ਦੇ ਕਮਾਂਡੈਂਟ, ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ, ਮੁੰਬਈ ਦੇ ਗਰੁੱਪ ਕਮਾਡੈਂਟ ਵੀ ਰਹੇ।

1970 ਵਿਚ ਉਨ੍ਹਾਂ ਦਾ ਵਿਆਹ ਗੀਤਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭੈਣਾਂ ਹਨ। ਉਨ੍ਹਾਂ ਦੀਆਂ ਦੋ ਧੀਆਂ ਪਵਿੱਤਰ ਕੌਰ ਅਤੇ ਨਾਨਕੀ ਕੌਰ ਅਤੇ ਇਕ ਪੁੱਤਰ ਈਮਾਨ ਸਿੰਘ ਹਨ। 18 ਜੂਨ, 1984 ਵਿਚ ਮਾਨ ਨੇ ਦਰਬਾਰ ਸਾਹਿਬ ਦੇ ਹਮਲੇ ਦੇ ਰੋਸ ਵਜੋ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਵਰ੍ਹੇ ਜੁਲਾਈ ਵਿਚ ਉਨ੍ਹਾਂ ਨੂੰ ਆਈਪੀਐੱਸ ਦੇ ਅਹੁਦੇ ਤੋ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਜੂਨ 1984 ਵਿਚ ਜਦੋਂ ਮਾਨ ਨੂੰ ਪਤਾ ਲੱਗਾ ਕਿ ਪੰਜਾਬ ਪੁਲਿਸ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਗੋਲੀ ਮਾਰਨ ਦੇ ਆਦੇਸ਼ ਹਨ, ਤਾਂ ਉਹ ਅੰਡਰਗਰਾਊਂਡ ਹੋ ਗਏ ਤੇ 29 ਨਵੰਬਰ, 1984 ਨੂੰ ਉਹ ਆਪਣੇ ਹੋਰ ਸਾਥੀਆਂ ਨਾਲ ਉਸ ਸਮੇਂ ਗਿ੍ਫ਼ਤਾਰ ਹੋ ਗਏ ਜਦੋਂ ਉਹ ਬਿਹਾਰ ਤੋਂ ਨੇਪਾਲ ਦਾਖਲ ਹੋਣ ਲੱਗੇ ਸਨ।

1 ਜੂਨ, 1987 ਨੂੰ ਉਨ੍ਹਾਂ ਨੂੰ ਯੂਨਾਈਟਿਡ ਸ਼ੋ੍ਮਣੀ ਅਕਾਲੀ ਦਲ ਦਾ ਉਸ ਸਮੇਂ ਪ੍ਰਧਾਨ ਚੁਣ ਲਿਆ ਗਿਆ ਜਦੋਂ ਉਹ ਬਿਹਾਰ ਦੀ ਭਾਗਲਪੁਰ ਜੇਲ੍ਹ ਵਿਚ ਬੰਦ ਸਨ। ਨਵੰਬਰ, 1989 ਵਿਚ ਉਨ੍ਹਾਂ ਨੂੰ ਭਾਰੀ ਬਹੁਮਤ ਵੋਟਾਂ ਦੀ ਗਿਣਤੀ ਨਾਲ ਤਰਨਤਾਰਨ ਤੋਂ ਲੋਕ ਸਭਾ ਦਾ ਐੱਮਪੀ ਚੁਣ ਲਿਆ ਗਿਆ ਜਦੋਂ ਉਹ ਭਾਗਲਪੁਰ ਜੇਲ੍ਹ ਵਿਚ ਹੀ ਸਨ। ਜਦੋਂ ਉਨ੍ਹਾਂ ਤਰਨ ਤਾਰਨ ਤੋਂ ਲੋਕ ਸਭਾ ਚੋਣ ਲੜੀ ਸੀ ਤਾਂ ਉਹ 4 ਲੱਖ ਤੋਂ ਵੱਧ ਵੋਟਾਂ ਪ੍ਰਰਾਪਤ ਕਰਕੇ ਸੰਸਦ ਮੈਂਬਰ ਚੁਣੇ ਗਏ। ਇਤਿਹਾਸਕ ਜਿੱਤ ਤੋਂ ਬਾਅਦ ਉਹ ਜੇਲ੍ਹ 'ਚੋਂ ਰਿਹਾਅ ਹੋ ਗਏ। ਭਾਵੇਂ ਮਾਨ ਉਸ ਸਮੇਂ ਲੱਖਾਂ ਵੋਟਾਂ ਲੈ ਕੇ ਚੋਣ ਜਿੱਤੇ ਸਨ ਪਰ ਉਨ੍ਹਾਂ ਨੂੰ ਕ੍ਰਿਪਾਨ ਨੂੰ ਲੈ ਕੇ ਲੋਕ ਸਭਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਕਾਰਨ ਉਹ ਲੋਕ ਸਭਾ ਦੇ ਸੈਸ਼ਨ ਵਿਚ ਦਾਖ਼ਲ ਨਾ ਹੋ ਸਕੇ।

1991 ਤੋਂ ਬਾਅਦ ਜਦੋਂ ਯੂਨਾਈਟਿਡ ਅਕਾਲੀ ਦਲ ਵਿਚ ਤਰੇੜ ਆਈ ਤਾਂ ਮਾਨ ਸੋ੍ਮਣੀ ਅਕਾਲੀ ਦਲ (ਮਾਨ) ਧੜੇ ਦੇ ਪ੍ਰਧਾਨ ਬਣੇ ਰਹੇ। ਅਪ੍ਰਰੈਲ, 1994 ਵਿਚ ਜਦੋਂ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖ ਕੌਮ ਦੇ ਨੇਤਾਵਾਂ ਦੀ ਏਕਤਾ ਦੀ ਗੱਲ ਕੀਤੀ ਤਾਂ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪਾਰਟੀ ਭੰਗ ਕਰ ਦਿੱਤੀ। ਉਨ੍ਹਾਂ ਅੰਮਿ੍ਤਸਰ ਐਲਾਨਨਾਮੇ 'ਤੇ ਦਸਤਖ਼ਤ ਕਰ ਦਿੱਤੇ।