ਗੁਰਪ੍ਰੀਤ ਸਿੰਘ ਮਹਿਕ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ ਲੋਕ ਸਭਾ ਉਪ ਚੋਣ ਦੀ ਉਮੀਦਵਾਰ ਕਮਲਦੀਪ ਕੌਰ ਨੂੰ 10 ਲੱਖ ਰੁਪਏ ਦੀ ਸਹਾਇਤਾ ਬਾਰੇ ਛਿੜੇ ਵਿਵਾਦ 'ਤੇ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਾਫੀ ਮੁਸ਼ਕਲ ਵਿਚ ਸਮਾਂ ਗੁਜਾਰਿਆ ਹੈ, ਇਸ ਲਈ ਉਨ੍ਹਾਂ ਨੂੰ ਸਹਾਇਤਾ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਣਬੁਝ ਕੇ ਮੀਡੀਆ ਵਿਚ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਵਲ 10 ਲੱਖ ਰੁਪਏ ਹੀ ਨਹੀਂ, ਬਲਿਕ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਸਾਂ ਦੀ ਪੈਰਵੀ ਲਈ ਅਤੇ ਉਨਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੋ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਮੁੱਖ ਮਹਿਮਾਨ ਸਨ, ਨੇ ਪੱਤਰਕਾਰਾਂ ਵੱਲੋ ਬੰਦੀ ਸਿੰਘਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਮੁਤਾਬਕ ਅਸੀਂ ਇਕ ਕਮੇਟੀ ਵੀ ਤਿਆਰ ਕੀਤੀ ਸੀ ਇਸ ਸਬੰਧੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਵੀ ਰਾਬਤਾ ਕਾਇਮ ਕੀਤਾ ਪਰ ਉਹ ਪਹਿਲਾਂ ਹੀ ਸੰਗਰੂਰ ਦੇ ਜ਼ਿਮਨੀ ਚੋਣ ਲੜਨ ਲਈ ਐਲਾਨ ਕਰ ਚੁੱਕੇ ਸਨ, ਇਸ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਕੱਠਾ ਕਰਨ ਲਈ ਜੋ ਸੰਦੇਸ਼ ਦਿੱਤਾ ਗਿਆ ਸੀ ਉਸ ਦਾ ਜਿੰਨਾ ਅਸਰ ਹੋਣਾ ਚਾਹੀਦਾ ਸੀ, ਉਨ੍ਹਾਂ ਨਹੀਂ ਹੋ ਪਾਇਆ। ਸੰਗਰੂਰ ਜ਼ਿਮਨੀ ਚੋਣ ਦੀ ਜਿੱਤ -ਹਾਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੌਣ ਅੱਗੇ ਹੈ ਅਤੇ ਕੌਣ ਪਿੱਛੇ ਹੈ ਕਿਉਂਕਿ ਹੁਣ ਤਾਂ ਸਭ ਕੁਝ ਮਸ਼ੀਨਾਂ ਵਿਚ ਬੰਦ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਦੇ ਹਮਲੇ ਦਾ ਜਵਾਬ ਦੇਣ ਲਈ ਪੰਥਕ ਏਕਤਾ ਦੀ ਅੱਜ ਸਭ ਤੋਂ ਵੱਧ ਲੋੜ ਹੈ।

ਸਿੱਧੂ ਮੂਸੇਵਾਲ ਦੀ ਸ਼੍ਰੋਮਣੀ ਕਮਟੀ ਵੱਲੋ ਕੋਈ ਯਾਦਗਾਰ ਬਣਾਉਣ ਬਾਰੇ ਪੁੱਛੇ ਸਵਾਲ ਬਾਰੇ ਐਡਵੋਕਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੀ ਵਿਅਕਤੀ ਦੀ ਯਾਦਗਾਰ ਬਣਾਉਣ ਸਮੇਂ ਕਈ ਗੱਲਾਂ ਧਿਆਂਨ ਰੱਖਣਾ ਪੈਂਦਾ ਹੈ। ਉਨ੍ਹਾਂ ਇਸ ਬਾਬਤ ਉਦਾਹਰਨ ਦਿੱਤਾ ਕਿ ਜਿਵੇਂ ਕਿ ਵਿਅਕਤੀ ਸਾਬਤ ਸੂਰਤ ਹੈ ਆਦਿ ਵਰਗੀਆਂ ਗੱਲਾਂ ਤੇ ਵੀ ਗੌਰ ਕਰਨਾਂ ਪੈਂਦਾ। ਸਮਾਗਮ ਵਿਚ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਜਗਦੀਪ ਸਿੰਘ ਚੀਮਾ ਆਦਿ ਨੇ ਵੀ ਸਿ਼ਰਕਤ ਕੀਤੀ।

Posted By: Shubham Kumar