ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ:

40 ਫੀਸਦੀ ਤੋਂ ਘੱਟ ਦਿਵਿਆਂਗਤਾ ਵਾਲੇ ਦਿਵਿਆਂਗਾਂ ਨੂੰ ਵਿਲੱਖਣ ਪਛਾਣ ਪੱਤਰ (ਯੂਡੀ ਆਈਡੀ) ਜਾਰੀ ਕੀਤੇ ਜਾਣ ਤਾਂ ਜੋ ਦਿਵਿਆਂਗ ਵਿਅਕਤੀਆਂ ਦਾ ਕੇਂਦਰ, ਸੂਬਾ ਤੇ ਜ਼ਿਲ੍ਹਾ ਪੱਧਰ 'ਤੇ ਡਾਟਾਬੇਸ ਤਿਆਰ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਨ੍ਹਾਂ ਤਕ ਆਸਾਨੀ ਨਾਲ ਪਛਾਣ ਪੱਤਰ ਨਾਲ ਉਪਲਬਧ ਹੋ ਸਕਣ। ਇਹ ਪ੍ਰਗਟਾਵਾ ਐੱਸਡੀਐੱਮ ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਨੇ ਦਿਵਿਆਂਗਾਂ ਨੂੰ ਵਿਲੱਖਣ ਪਛਾਣ ਪੱਤਰ ਜਾਰੀ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਲੈਂਦੇ ਹੋਏ ਮਹੀਨੇ ਦੇ ਅੰਦਰ ਨੇਪਰੇ ਚਾੜਿ੍ਹਆ ਜਾਵੇ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਦਿਵਿਆਂਗ ਵਿਅਕਤੀ ਵਿਲੱਖਣ ਪਹਿਚਾਣ ਪੱਤਰ ਤੋਂ ਵਾਂਝਾ ਨਾ ਰਹੇ।

ਡਾ. ਸੰਜੀਵ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਦਿਵਿਆਂਗਾਂ ਨੂੰ ਵਿਲੱਖਣ ਪਛਾਣ ਪੱਤਰ ਜਾਰੀ ਕਰਨ ਦੇ ਲੰਬਿਤ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਦਿਵਿਆਂਗਾਂ ਨੂੰ ਵਿਲੱਖਣ ਪਛਾਣ ਦੇਣ ਲਈ ਯੂਡੀ ਆਈਡੀ ਯੂਨੀਕ ਆਈਡੀ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਪ੍ਰਰੋਜੈਕਟ ਅਧੀਨ ਪੋਰਟਲ ਬਣਾਇਆ ਗਿਆ ਹੈ। ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ ਤੋਂ, ਨਜ਼ਦੀਕੀ ਸਾਈਬਰ ਕੈਫੇ, ਸੇਵਾ ਕੇਂਦਰ, ਸਿਹਤ ਕੇਂਦਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ 'ਚ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ, ਸਹਾਇਕ ਸਿਵਲ ਸਰਜਨ ਡਾ. ਸਵਪਨਦੀਪ ਕੌਰ, ਕਾਰਜ ਸਾਧਕ ਅਫਸਰ ਸਰਹਿੰਦ ਗੁਰਪਾਲ ਸਿੰਘ, ਕਾਰਜ ਸਾਧਕ ਅਫਸਰ ਖਮਾਣੋਂ ਅਮਨਦੀਪ ਸਿੰਘ, ਸੀਡੀਪੀਓ ਖੇੜਾ ਸ਼ਰਨਜੀਤ ਕੌਰ, ਸੀਡੀਪੀਓ ਅਮਲੋਹ ਮੰਜੂ ਸੂਦ, ਸੀਡੀਪੀਓ ਬੱਸੀ ਪਠਾਣਾ ਵੀਨਾ ਭਗਤ, ਸੀਡੀਪੀਓ ਖਮਾਣੋਂ ਊਸ਼ਾ ਰਾਣੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।